ਛੰਤ ਗੁਰੂ ਅਰਜਨ ਦੇਵ ਜੀ

From Wikisource
Jump to navigation Jump to search
ਛੰਤ
by ਗੁਰੂ ਅਰਜਨ ਦੇਵ ਜੀ


ਛੰਤ ਗੁਰੂ ਅਰਜਨ ਦੇਵ ਜੀ
1. ਮਨ ਪਿਆਰਿਆ ਜੀਉ ਮਿਤ੍ਰਾ

ਮਨ ਪਿਆਰਿਆ ਜੀਉ ਮਿਤ੍ਰਾ ਗੋਬਿੰਦ ਨਾਮੁ ਸਮਾਲੇ ॥
ਮਨ ਪਿਆਰਿਆ ਜੀ ਮਿਤ੍ਰਾ ਹਰਿ ਨਿਬਹੈ ਤੇਰੈ ਨਾਲੇ ॥
ਸੰਗਿ ਸਹਾਈ ਹਰਿ ਨਾਮੁ ਧਿਆਈ ਬਿਰਥਾ ਕੋਇ ਨ ਜਾਏ ॥
ਮਨ ਚਿੰਦੇ ਸੇਈ ਫਲ ਪਾਵਹਿ ਚਰਣ ਕਮਲ ਚਿਤੁ ਲਾਏ ॥
ਜਲਿ ਥਲਿ ਪੂਰਿ ਰਹਿਆ ਬਨਵਾਰੀ ਘਟਿ ਘਟਿ ਨਦਰਿ ਨਿਹਾਲੇ ॥
ਨਾਨਕੁ ਸਿਖ ਦੇਇ ਮਨ ਪ੍ਰੀਤਮ ਸਾਧਸੰਗਿ ਭ੍ਰਮੁ ਜਾਲੇ ॥੧॥੭੯॥

(ਸਮਾਲੇ=ਸਮਾਲਿ,ਸਾਂਭ, ਨਿਬਹੈ=ਤੋੜ ਸਾਥ ਨਿਬਾਹੇਗਾ,
ਨਾਲੇ=ਨਾਲਿ , ਧਿਆਈ=ਤੂੰ ਧਿਆਨ ਕਰ, ਬਿਰਥਾ=
ਖਾਲੀ, ਮਨ ਚਿੰਦੇ ਫਲ=ਮਨ-ਇਛੱਤ ਫਲ, ਲਾਏ=ਲਾਇ,
ਬਨਵਾਰੀ=ਜਗਤ ਦਾ ਮਾਲਕ, ਘਟਿ ਘਟਿ=ਹਰੇਕ ਘਟ
ਵਿਚ, ਨਿਹਾਲੇ=ਵੇਖਦਾ ਹੈ, ਸਿਖ=ਸਿੱਖਿਆ, ਦੇਇ=ਦੇਂਦਾ
ਹੈ, ਜਾਲੇ=ਜਾਲਿ,ਸਾੜ ਦੇਹ)

2. ਚਰਨ ਕਮਲ ਸਿਉ ਪ੍ਰੀਤਿ

ਚਰਨ ਕਮਲ ਸਿਉ ਪ੍ਰੀਤਿ ਰੀਤਿ ਸੰਤਨ ਮਨਿ ਆਵਏ ਜੀਉ ॥
ਦੁਤੀਆ ਭਾਉ ਬਿਪਰੀਤਿ ਅਨੀਤਿ ਦਾਸਾ ਨਹ ਭਾਵਏ ਜੀਉ ॥
ਦਾਸਾ ਨਹ ਭਾਵਏ ਬਿਨੁ ਦਰਸਾਵਏ ਇਕ ਖਿਨੁ ਧੀਰਜੁ ਕਿਉ ਕਰੈ ॥
ਨਾਮ ਬਿਹੂਨਾ ਤਨੁ ਮਨੁ ਹੀਨਾ ਜਲ ਬਿਨੁ ਮਛੁਲੀ ਜਿਉ ਮਰੈ ॥
ਮਿਲੁ ਮੇਰੇ ਪਿਆਰੇ ਪ੍ਰਾਨ ਅਧਾਰੇ ਗੁਣ ਸਾਧਸੰਗਿ ਮਿਲਿ ਗਾਵਏ ॥
ਨਾਨਕ ਕੇ ਸੁਆਮੀ ਧਾਰਿ ਅਨੁਗ੍ਰਹੁ ਮਨਿ ਤਨਿ ਅੰਕਿ ਸਮਾਵਏ ॥੧॥੮੦॥

(ਸਿਉ=ਨਾਲ, ਰੀਤਿ=ਮਰਯਾਦਾ, ਸੰਤਨ ਮਨਿ=ਸੰਤਾਂ ਦੇ ਮਨ ਵਿਚ,
ਆਵਏ=ਆਉਂਦੀ ਹੈ, ਦੁਤੀਆ ਭਾਉ=ਦੂਜਾ ਪਿਆਰ, ਬਿਪਰੀਤਿ=
ਉਲਟੀ ਰੀਤਿ, ਅਨੀਤਿ=ਨੀਤੀ ਦੇ ਉਲਟ, ਭਾਵਏ=ਪਸੰਦ ਆਉਂਦੀ,
ਦਰਸਾਵਏ=ਦਰਸਨ, ਬਿਹੂਨਾ=ਬਿਨਾ, ਹੀਨਾ=ਕਮਜ਼ੋਰ,ਲਿੱਸਾ, ਗਾਵਏ=
ਗਾ ਸਕੇ, ਅਨੁਗ੍ਰਹੁ=ਕਿਰਪਾ, ਤਨਿ=ਤਨ ਦੀ ਰਾਹੀਂ, ਅੰਕਿ=ਗੋਦ ਵਿਚ,
ਸਮਾਵਏ=ਸਮਾਵੈ,ਲੀਨ ਰਹਿ ਸਕੇ)

3. ਤੇਰੇ ਬਚਨ ਅਨੂਪ ਅਪਾਰ

ਤੇਰੇ ਬਚਨ ਅਨੂਪ ਅਪਾਰ ਸੰਤਨ ਆਧਾਰ ਬਾਣੀ ਬੀਚਾਰੀਐ ਜੀਉ ॥
ਸਿਮਰਤ ਸਾਸ ਗਿਰਾਸ ਪੂਰਨ ਬਿਸੁਆਸ ਕਿਉ ਮਨਹੁ ਬਿਸਾਰੀਐ ਜੀਉ ॥
ਕਿਉ ਮਨਹੁ ਬੇਸਾਰੀਐ ਨਿਮਖ ਨਹੀ ਟਾਰੀਐ ਗੁਣਵੰਤ ਪ੍ਰਾਨ ਹਮਾਰੇ ॥
ਮਨ ਬਾਂਛਤ ਫਲ ਦੇਤ ਹੈ ਸੁਆਮੀ ਜੀਅ ਕੀ ਬਿਰਥਾ ਸਾਰੇ ॥
ਅਨਾਥ ਕੇ ਨਾਥੇ ਸ੍ਰਬ ਕੈ ਸਾਥੇ ਜਪਿ ਜੂਐ ਜਨਮੁ ਨ ਹਾਰੀਐ ॥
ਨਾਨਕ ਕੀ ਬੇਨੰਤੀ ਪ੍ਰਭ ਪਹਿ ਕ੍ਰਿਪਾ ਕਰਿ ਭਵਜਲੁ ਤਾਰੀਐ ॥੨॥੮੦॥

(ਅਨੂਪ=ਜਿਸ ਵਰਗਾ ਕੋਈ ਹੋਰ ਨਹੀਂ,ਬਹੁਤ ਸੁੰਦਰ, ਅਪਾਰ=
ਬੇਅੰਤ ਪ੍ਰਭੂ, ਸੰਤਨ ਆਧਾਰ=ਹੇ ਸੰਤਾਂ ਦੇ ਆਸਰੇ ਪ੍ਰਭੂ, ਬੀਚਾਰੀਐ=
ਵਿਚਾਰੀ ਹੈ, ਸਾਸ ਗਿਰਾਸ=ਸਾਹ ਲੈਂਦਿਆਂ ਗਿਰਾਹੀਆਂ ਖਾਂਦਿਆਂ,
ਬਿਸੁਆਸੁ=ਸਰਧਾ,ਨਿਸ਼ਚਾ, ਬੇਸਾਰੀਐ=ਬਿਸਾਰੀਐ, ਨਿਮਖ=ਅੱਖ
ਝਮਕਣ ਜਿਤਨਾ ਸਮਾ, ਟਾਰੀਐ=ਟਾਲਿਆ ਜਾ ਸਕਦਾ, ਗੁਣਵੰਤ=
ਹੇ ਗੁਣਾਂ ਦੇ ਮਾਲਕ-ਪ੍ਰਭੂ, ਬਾਂਛਤ=ਇੱਛਿਤ, ਜੀਅ ਕੀ=ਜਿੰਦ ਦੀ,
ਬਿਰਥਾ=ਪੀੜਾ, ਸਾਰੇ=ਸੰਭਾਲਦਾ ਹੈ,ਸਾਰ ਲੈਂਦਾ ਹੈ, ਜਪਿ=ਜਪ ਕੇ,
ਜੂਐ=ਜੂਏ ਵਿਚ, ਪਹਿ=ਪਾਸ,ਕੋਲ, ਭਵਜਲੁ=ਸੰਸਾਰ-ਸਮੁੰਦਰ,
ਤਾਰੀਐ=ਪਾਰ ਲੰਘਾ)

4. ਕਹਤੇ ਪਵਿਤ੍ਰ ਸੁਣਤੇ ਸਭਿ ਧੰਨੁ

ਕਹਤੇ ਪਵਿਤ੍ਰ ਸੁਣਤੇ ਸਭਿ ਧੰਨੁ ਲਿਖਤੀ ਕੁਲੁ ਤਾਰਿਆ ਜੀਉ ॥
ਜਿਨ ਕਉ ਸਾਧੂ ਸੰਗੁ ਨਾਮ ਹਰਿ ਰੰਗੁ ਤਿਨੀ ਬ੍ਰਹਮੁ ਬੀਚਾਰਿਆ ਜੀਉ ॥
ਬ੍ਰਹਮੁ ਬੀਚਾਰਿਆ ਜਨਮੁ ਸਵਾਰਿਆ ਪੂਰਨ ਕਿਰਪਾ ਪ੍ਰਭਿ ਕਰੀ ॥
ਕਰੁ ਗਹਿ ਲੀਨੇ ਹਰਿ ਜਸੋ ਦੀਨੇ ਜੋਨਿ ਨਾ ਧਾਵੈ ਨਹ ਮਰੀ ॥
ਸਤਿਗੁਰ ਦਇਆਲ ਕਿਰਪਾਲ ਭੇਟਤ ਹਰੇ ਕਾਮੁ ਕ੍ਰੋਧੁ ਲੋਭੁ ਮਾਰਿਆ ॥
ਕਥਨੁ ਨ ਜਾਇ ਅਕਥੁ ਸੁਆਮੀ ਸਦਕੈ ਜਾਇ ਨਾਨਕੁ ਵਾਰਿਆ ॥੫॥੧॥੩॥੮੧॥

(ਸਭਿ=ਸਾਰੇ, ਧੰਨ=ਭਾਗਾਂ ਵਾਲੇ, ਲਿਖਤੀ=ਜਿਨ੍ਹਾਂ ਨੇ ਲਿਖਿਆ,
ਕੁਲੁ=ਖ਼ਾਨਦਾਨ, ਸੰਗੁ=ਮਿਲਾਪ, ਰੰਗ=ਆਨੰਦ, ਤਿਨੀ=ਉਹਨਾਂ ਨੇ,
ਬੀਚਾਰਿਆ=ਮਨ ਵਿਚ ਟਿਕਾਇਆ, ਪ੍ਰਭਿ=ਪ੍ਰਭੂ ਨੇ, ਕਰੁ=ਹੱਥ,
ਜਸੋ=ਜਸੁ, ਸਿਫ਼ਤਿ-ਸਾਲਾਹ ਦੀ ਦਾਤਿ, ਜੋਨਿ ਨ ਧਾਵੈ=ਜਨਮ
ਜਨਮ ਵਿਚ ਨਹੀਂ ਦੌੜਦਾ ਫਿਰਦਾ, ਮਰੀ=ਮਰਦਾ, ਭੇਟਤ=ਗੁਰੂ
ਨੂੰ ਮਿਲਿਆਂ, ਹਰੇ=ਆਤਮਕ ਜੀਵਨ ਵਾਲੇ, ਅਕਥੁ=ਜਿਸ ਦਾ
ਸਰੂਪ ਬਿਆਨ ਨਾਹ ਕੀਤਾ ਜਾ ਸਕੇ, ਸਦਕੈ=ਕੁਰਬਾਨ,
ਵਾਰਿਆ=ਕੁਰਬਾਨ)

5. ਮੇਰੈ ਮਨਿ ਬੈਰਾਗੁ ਭਇਆ

ਮੇਰੈ ਮਨਿ ਬੈਰਾਗੁ ਭਇਆ ਜੀਉ ਕਿਉ ਦੇਖਾ ਪ੍ਰਭ ਦਾਤੇ ॥
ਮੇਰੇ ਮੀਤ ਸਖਾ ਹਰਿ ਜੀਉ ਗੁਰ ਪੁਰਖ ਬਿਧਾਤੇ ॥
ਪੁਰਖੋ ਬਿਧਾਤਾ ਏਕੁ ਸ੍ਰੀਧਰੁ ਕਿਉ ਮਿਲਹ ਤੁਝੈ ਉਡੀਣੀਆ ॥
ਕਰ ਕਰਹਿ ਸੇਵਾ ਸੀਸੁ ਚਰਣੀ ਮਨਿ ਆਸ ਦਰਸ ਨਿਮਾਣੀਆ ॥
ਸਾਸਿ ਸਾਸਿ ਨ ਘੜੀ ਵਿਸਰੈ ਪਲੁ ਮੂਰਤੁ ਦਿਨੁ ਰਾਤੇ ॥
ਨਾਨਕ ਸਾਰਿੰਗ ਜਿਉ ਪਿਆਸੇ ਕਿਉ ਮਿਲੀਐ ਪ੍ਰਭ ਦਾਤੇ ॥੧॥੨੪੭॥

(ਮੇਰੈ ਮਨਿ=ਮੇਰੇ ਮਨ ਵਿਚ, ਬੈਰਾਗੁ=ਉਤਸੁਕਤਾ,ਕਾਹਲੀ,
ਦੇਖਾ=ਦੇਖਾਂ, ਸਖਾ=ਸਾਥੀ, ਬਿਧਾਤੇ=ਹੇ ਸਿਰਜਣਹਾਰ, ਸ੍ਰੀ=
ਲੱਛਮੀ, ਸ੍ਰੀਧਰੁ=ਲੱਛਮੀ ਦਾ ਆਸਰਾ, ਮਿਲਹ=ਅਸੀ ਮਿਲੀਏ,
ਉਡੀਣੀਆ=ਵਿਆਕੁਲ, ਕਰ=ਹੱਥਾਂ ਨਾਲ, ਕਰਹਿ=ਜੋ
ਕਰਦੀਆਂ ਹਨ, ਆਸ ਦਰਸ=ਦਰਸਨ ਦੀ ਆਸ, ਮੂਰਤੁ=
ਮੁਹੂਰਤ,ਦੋ ਘੜੀ ਦਾ ਸਮਾਂ, ਸਾਰਿੰਗ=ਪਪੀਹਾ)

6. ਇਕ ਬਿਨਉ ਕਰਉ ਜੀਉ

ਇਕ ਬਿਨਉ ਕਰਉ ਜੀਉ ਸੁਣਿ ਕੰਤ ਪਿਆਰੇ ॥
ਮੇਰਾ ਮਨੁ ਤਨੁ ਮੋਹਿ ਲੀਆ ਜੀਉ ਦੇਖਿ ਚਲਤ ਤੁਮਾਰੇ ॥
ਚਲਤਾ ਤੁਮਾਰੇ ਦੇਖਿ ਮੋਹੀ ਉਦਾਸ ਧਨ ਕਿਉ ਧੀਰਏ ॥
ਗੁਣਵੰਤ ਨਾਹ ਦਇਆਲੁ ਬਾਲਾ ਸਰਬ ਗੁਣ ਭਰਪੂਰਏ ॥
ਪਿਰ ਦੋਸੁ ਨਾਹੀ ਸੁਖਹ ਦਾਤੇ ਹਉ ਵਿਛੁੜੀ ਬੁਰਿਆਰੇ ॥
ਬਿਨਵੰਤਿ ਨਾਨਕ ਦਇਆ ਧਾਰਹੁ ਘਰਿ ਆਵਹੁ ਨਾਹ ਪਿਆਰੇ ॥੨॥੨੪੭॥

(ਬਿਨਉ=ਬੇਨਤੀ, ਕਰਉ=ਕਰਉਂ,ਮੈਂ ਕਰਦੀ ਹਾਂ, ਚਲਤ=
ਚਰਿਤ੍ਰ,ਕੌਤਕ, ਮੋਹੀ=ਮੈਂ ਠੱਗੀ ਗਈ ਹਾਂ, ਧਨ=ਜੀਵ-ਇਸਤ੍ਰੀ,
ਧੀਰਏ=ਧੀਰਜ ਹਾਸਲ ਕਰੇ, ਨਾਹ=ਹੇ ਨਾਥ, ਬਾਲਾ=ਸਦਾ
ਜਵਾਨ ਰਹਿਣ ਵਾਲਾ, ਪਿਰ=ਹੇ ਪਤੀ, ਹਉ=ਮੈਂ ਆਪ,
ਬੁਰਿਆਰੇ=ਮੰਦ-ਕਰਮਣ, ਘਰਿ=ਹਿਰਦੇ-ਘਰ ਵਿਚ)

7. ਹਉ ਮਨੁ ਅਰਪੀ ਸਭੁ ਤਨੁ ਅਰਪੀ

ਹਉ ਮਨੁ ਅਰਪੀ ਸਭੁ ਤਨੁ ਅਰਪੀ ਅਰਪੀ ਸਭਿ ਦੇਸਾ ॥
ਹਉ ਸਿਰੁ ਅਰਪੀ ਤਿਸੁ ਮੀਤ ਪਿਆਰੇ ਜੋ ਪ੍ਰਭ ਦੇਇ ਸਦੇਸਾ ॥
ਅਰਪਿਆ ਤ ਸੀਸੁ ਸੁਥਾਨਿ ਗੁਰ ਪਹਿ ਸੰਗਿ ਪ੍ਰਭੂ ਦਿਖਾਇਆ ॥
ਖਿਨ ਮਾਹਿ ਸਗਲਾ ਦੂਖੁ ਮਿਟਿਆ ਮਨਹੁ ਚਿੰਦਿਆ ਪਾਇਆ ॥
ਦਿਨੁ ਰੈਣਿ ਰਲੀਆ ਕਰੈ ਕਾਮਣਿ ਮਿਟੇ ਸਗਲ ਅੰਦੇਸਾ ॥
ਬਿਨਵੰਤਿ ਨਾਨਕੁ ਕੰਤੁ ਮਿਲਿਆ ਲੋੜਤੇ ਹਮ ਜੈਸਾ ॥੩॥੨੪੭॥

(ਹਉ=ਮੈਂ, ਅਰਪੀ=ਮੈਂ ਭੇਟ ਕਰਦਾ ਹਾਂ, ਪ੍ਰਭ ਸਦੇਸਾ=
ਪ੍ਰਭੂ ਦੇ ਮਿਲਾਪ ਦਾ ਸੁਨੇਹਾ, ਸੁਥਾਨਿ=ਸੋਹਣੇ ਥਾਂ ਵਿਚ,
ਪਹਿ=ਪਾਸ, ਮਾਹਿ=ਵਿਚ, ਮਨਹੁ ਚਿੰਦਿਆ=ਮਨ ਤੋਂ
ਚਿਤਵਿਆ ਹੋਇਆ,ਮਨ-ਇੱਛਤ, ਰੈਣਿ=ਰਾਤ,
ਰਲੀਆ=ਮੌਜਾਂ, ਕਾਮਣਿ=ਜੀਵ ਇਸਤ੍ਰੀ, ਅੰਦੇਸਾ=
ਚਿੰਤਾ-ਫ਼ਿਕਰ, ਹਮ=ਅਸੀਂ, ਜੈਸਾ=ਜਿਹੋ ਜਿਹਾ)

8. ਮੇਰੈ ਮਨਿ ਅਨਦੁ ਭਇਆ

ਮੇਰੈ ਮਨਿ ਅਨਦੁ ਭਇਆ ਜੀਉ ਵਜੀ ਵਾਧਾਈ ॥
ਘਰਿ ਲਾਲੁ ਆਇਆ ਪਿਆਰਾ ਸਭ ਤਿਖਾ ਬੁਝਾਈ ॥
ਮਿਲਿਆ ਤ ਲਾਲੁ ਗੁਪਾਲੁ ਠਾਕੁਰੁ ਸਖੀ ਮੰਗਲੁ ਗਾਇਆ ॥
ਸਭ ਮੀਤ ਬੰਧਪ ਹਰਖੁ ਉਪਜਿਆ ਦੂਤ ਥਾਉ ਗਵਾਇਆ ॥
ਅਨਹਤ ਵਾਜੇ ਵਜਹਿ ਘਰ ਮਹਿ ਪਿਰ ਸੰਗਿ ਸੇਜ ਵਿਛਾਈ ॥
ਬਿਨਵੰਤਿ ਨਾਨਕੁ ਸਹਜਿ ਰਹੈ ਹਰਿ ਮਿਲਿਆ ਕੰਤੁ ਸੁਖਦਾਈ ॥੪॥੧॥੨੪੭॥

(ਅਨਦ=ਚਾਉ, ਵਧਾਈ=ਉਹ ਆਤਮਕ ਜਦੋਂ ਦਿਲ ਨੂੰ
ਖ਼ੁਸ਼ੀ ਦਾ ਹੁਲਾਰਾ ਆਉਂਦਾ ਹੈ, ਵਜੀ=ਵੱਜੀ,ਜ਼ੋਰਾਂ ਵਿਚ
ਆ ਰਹੀ ਹੈ, ਘਰਿ=ਹਿਰਦੇ-ਘਰ ਵਿਚ, ਤਿਖਾ=ਤ੍ਰੇਹ,
ਮਾਇਆ ਦੀ ਤ੍ਰਿਸ਼ਨਾ, ਗੁਪਾਲੁ=ਸ੍ਰਿਸ਼ਟੀ ਦਾ ਪਾਲਣਹਾਰ,
ਸਖੀ=ਸਖੀਆਂ ਨੇ,ਗਿਆਨ-ਇੰਦ੍ਰਿਆਂ ਨੇ, ਮੰਗਲੁ=ਖ਼ੁਸ਼ੀ
ਦਾ ਗੀਤ, ਬੰਧਪ=ਸਨਬੰਧੀ, ਹਰਖੁ=ਖ਼ੁਸ਼ੀ,ਚਾਉ, ਦੂਤ
ਥਾਉ=ਦੂਤਾਂ ਦਾ ਥਾਂ,ਕਾਮਾਦਿਕ ਵੈਰੀਆਂ ਦਾ ਨਾਂ-ਨਿਸ਼ਾਨ,
ਅਨਹਤ=ਇਕ-ਰਸ,ਲਗਾਤਾਰ, ਵਜਹਿ=ਵੱਜਦੇ ਹਨ,
ਸੰਗਿ=ਨਾਲ, ਸਹਜਿ=ਆਤਮਕ ਅਡੋਲਤਾ ਵਿਚ)

9. ਮੋਹਨ ਤੇਰੇ ਊਚੇ ਮੰਦਰ

ਮੋਹਨ ਤੇਰੇ ਊਚੇ ਮੰਦਰ ਮਹਲ ਅਪਾਰਾ ॥
ਮੋਹਨ ਤੇਰੇ ਸੋਹਨਿ ਦੁਆਰ ਜੀਉ ਸੰਤ ਧਰਮ ਸਾਲਾ ॥
ਧਰਮ ਸਾਲ ਅਪਾਰ ਦੈਆਰ ਠਾਕੁਰ ਸਦਾ ਕੀਰਤਨੁ ਗਾਵਹੇ ॥
ਜਹ ਸਾਧ ਸੰਤ ਇਕਤ੍ਰ ਹੋਵਹਿ ਤਹਾ ਤੁਝਹਿ ਧਿਆਵਹੇ ॥
ਕਰਿ ਦਇਆ ਮਇਆ ਦਇਆਲ ਸੁਆਮੀ ਹੋਹੁ ਦੀਨ ਕ੍ਰਿਪਾਰਾ ॥
ਬਿਨਵੰਤਿ ਨਾਨਕ ਦਰਸ ਪਿਆਸੇ ਮਿਲਿ ਦਰਸਨ ਸੁਖੁ ਸਾਰਾ ॥੧॥੨੪੮॥

(ਮੋਹਨ=ਹੇ ਮਨ ਨੂੰ ਮੋਹ ਲੈਣ ਵਾਲੇ ਪ੍ਰਭੂ, ਸੋਹਨਿ=ਸੋਭ ਰਹੇ
ਹਨ, ਦੈਆਰ=ਦਇਆਲ, ਗਾਵਹੇ=ਗਾਂਦੇ ਹਨ, ਤੁਝਹਿ=ਤੈਨੂੰ,
ਕ੍ਰਿਪਾਰਾ=ਕਿਰਪਾਲ, ਦਰਸਨ ਸੁਖੁ=ਦਰਸਨ ਦਾ ਸੁਖ, ਸਾਰਾ=
ਲੈਂਦੇ ਹਨ)

10. ਮੋਹਨ ਤੇਰੇ ਬਚਨ ਅਨੂਪ

ਮੋਹਨ ਤੇਰੇ ਬਚਨ ਅਨੂਪ ਚਾਲ ਨਿਰਾਲੀ ॥
ਮੋਹਨ ਤੂੰ ਮਾਨਹਿ ਏਕੁ ਜੀ ਅਵਰ ਸਭ ਰਾਲੀ ॥
ਮਾਨਹਿ ਤ ਏਕੁ ਅਲੇਖੁ ਠਾਕੁਰੁ ਜਿਨਹਿ ਸਭ ਕਲ ਧਾਰੀਆ ॥
ਤੁਧੁ ਬਚਨਿ ਗੁਰ ਕੈ ਵਸਿ ਕੀਆ ਆਦਿ ਪੁਰਖੁ ਬਨਵਾਰੀਆ ॥
ਤੂੰ ਆਪਿ ਚਲਿਆ ਆਪਿ ਰਹਿਆ ਆਪਿ ਸਭ ਕਲ ਧਾਰੀਆ ॥
ਬਿਨਵੰਤਿ ਨਾਨਕ ਪੈਜ ਰਾਖਹੁ ਸਭ ਸੇਵਕ ਸਰਨਿ ਤੁਮਾਰੀਆ ॥੨॥੨੪੮॥

(ਅਨੂਪ=ਸੋਹਣੇ, ਨਿਰਾਲੀ=ਅਨੋਖੀ, ਤੂੰ=ਤੈਨੂੰ, ਮਾਨਹਿ=
ਸਾਰੇ ਜੀਵ ਮੰਨਦੇ ਹਨ, ਰਾਲੀ=ਮਿੱਟੀ,ਨਾਸਵੰਤ, ਜਿਨਹਿ=
ਜਿਸ ਨੇ, ਕਲ=ਸੱਤਾ,ਤਾਕਤ, ਤੁਧੁ=ਤੈਨੂੰ, ਬਚਨਿ=ਬਚਨ
ਦੀ ਰਾਹੀਂ, ਬਨਵਾਰੀਆ=ਜਗਤ ਦਾ ਮਾਲਕ, ਪੈਜ=ਲਾਜ)

11. ਸੁਣਿ ਸਖੀਏ ਮਿਲਿ ਉਦਮੁ ਕਰੇਹਾ

ਸੁਣਿ ਸਖੀਏ ਮਿਲਿ ਉਦਮੁ ਕਰੇਹਾ ਮਨਾਇ ਲੈਹਿ ਹਰਿ ਕੰਤੈ ॥
ਮਾਨੁ ਤਿਆਗਿ ਕਰਿ ਭਗਤਿ ਠਗਉਰੀ ਮੋਹਹ ਸਾਧੂ ਮੰਤੈ ॥
ਸਖੀ ਵਸਿ ਆਇਆ ਫਿਰਿ ਛੋਡਿ ਨ ਜਾਈ ਇਹ ਰੀਤਿ ਭਲੀ ਭਗਵੰਤੈ ॥
ਨਾਨਕ ਜਰਾ ਮਰਣ ਭੈ ਨਰਕ ਨਿਵਾਰੈ ਪੁਨੀਤ ਕਰੈ ਤਿਸੁ ਜੰਤੈ ॥੧॥੨੪੯॥

(ਸਖੀਏ=ਹੇ ਸਹੇਲੀਏ, ਕਰੇਹਾ=ਅਸੀਂ ਕਰੀਏ, ਮਨਾਇ ਲੈਹਿ=
ਅਸੀਂ ਰਾਜ਼ੀ ਕਰ ਲਈਏ, ਕੰਤੈ=ਕੰਤ ਨੂੰ, ਤਿਆਗਿ=ਛੱਡ ਕੇ,
ਕਰਿ=ਬਣਾ ਕੇ, ਠਗਉਰੀ=ਠਗ-ਮੂਰੀ, ਉਹ ਬੂਟੀ ਜੋ ਠੱਗ ਕਿਸੇ
ਰਾਹੀ ਨੂੰ ਖੁਆ ਕੇ ਉਸ ਨੂੰ ਬੇਹੋਸ਼ ਕਰ ਲੈਂਦਾ ਹੈ ਤੇ ਉਸ ਨੂੰ ਲੁੱਟ
ਲੈਂਦਾ ਹੈ, ਮੋਹਹ=ਅਸੀ ਮੋਹ ਲਈਏ, ਸਾਧੂ ਮੰਤੈ=ਗੁਰੂ ਦੇ ਉਪਦੇਸ਼
ਨਾਲ, ਵਸਿ=ਵੱਸ ਵਿਚ, ਭਗਵੰਤੈ=ਭਗਵਾਨ ਦੀ, ਜਰਾ=ਬੁਢੇਪਾ,
ਮਰਣ=ਮੌਤ, ਨਿਵਾਰੈ=ਦੂਰ ਕਰਦਾ ਹੈ, ਪੁਨੀਤ=ਪਵਿਤ੍ਰ, ਜੰਤੈ=
ਜੀਵ ਨੂੰ)

12. ਸੁਣਿ ਸਖੀਏ ਇਹ ਭਲੀ ਬਿਨੰਤੀ

ਸੁਣਿ ਸਖੀਏ ਇਹ ਭਲੀ ਬਿਨੰਤੀ ਏਹੁ ਮਤਾਂਤੁ ਪਕਾਈਐ ॥
ਸਹਜਿ ਸੁਭਾਇ ਉਪਾਧਿ ਰਹਤ ਹੋਇ ਗੀਤ ਗੋਵਿੰਦਹਿ ਗਾਈਐ ॥
ਕਲਿ ਕਲੇਸ ਮਿਟਹਿ ਭ੍ਰਮ ਨਾਸਹਿ ਮਨਿ ਚਿੰਦਿਆ ਫਲੁ ਪਾਈਐ ॥
ਪਾਰਬ੍ਰਹਮ ਪੂਰਨ ਪਰਮੇਸਰ ਨਾਨਕ ਨਾਮੁ ਧਿਆਈਐ ॥੨॥੨੪੯॥

(ਮਤਾਂਤੁ=ਸਲਾਹ, ਪਕਾਈਐ=ਪੱਕਾ ਕਰੀਏ, ਸਹਜਿ=ਆਤਮਕ
ਅਡੋਲਤਾ ਵਿਚ, ਸੁਭਾਇ=ਪ੍ਰੇਮ ਵਿਚ, ਉਪਾਧਿ=ਛਲ, ਗੋਵਿੰਦਹਿ=
ਗੋਵਿੰਦ ਦੇ, ਕਲਿ=ਝਗੜਾ, ਮਿਟਹਿ=ਮਿਟ ਜਾਂਦੇ ਹਨ, ਚਿੰਦਿਆ=
ਚਿਤਵਿਆ ਹੋਇਆ, ਪਾਈਐ=ਪਾ ਲਈਦਾ ਹੈ)

13. ਸਖੀ ਇਛ ਕਰੀ ਨਿਤ ਸੁਖ ਮਨਾਈ

ਸਖੀ ਇਛ ਕਰੀ ਨਿਤ ਸੁਖ ਮਨਾਈ ਪ੍ਰਭ ਮੇਰੀ ਆਸ ਪੁਜਾਏ ॥
ਚਰਨ ਪਿਆਸੀ ਦਰਸ ਬੈਰਾਗਨਿ ਪੇਖਉ ਥਾਨ ਸਬਾਏ ॥
ਖੋਜਿ ਲਹਉ ਹਰਿ ਸੰਤ ਜਨਾ ਸੰਗੁ ਸੰਮ੍ਰਿਥ ਪੁਰਖ ਮਿਲਾਏ ॥
ਨਾਨਕ ਤਿਨ ਮਿਲਿਆ ਸੁਰਿਜਨੁ ਸੁਖਦਾਤਾ ਸੇ ਵਡਭਾਗੀ ਮਾਏ ॥੩॥੨੪੯॥

(ਇਛ=ਇੱਛਾ,ਤਾਂਘ, ਕਰੀ=ਕਰੀਂ,ਮੈਂ ਕਰਦੀ ਹਾਂ, ਸੁਖ ਮਨਾਈ=
ਮੈਂ ਸੁਖ ਮਨਾਂਦੀ ਹਾਂ, ਪੁਜਾਏ=ਪੂਰੀ ਕਰ, ਬੈਰਾਗਨਿ=ਉਤਾਵਲੀ,
ਵਿਆਕੁਲ, ਪੇਖਉ=ਮੈਂ ਵੇਖਦੀ ਹਾਂ, ਸਬਾਏ=ਸਾਰੇ, ਖੋਜਿ=ਭਾਲ
ਕਰ ਕਰ ਕੇ, ਲਹਉ=ਲਹਉਂ,ਮੈ ਲੱਭਦੀ ਹਾਂ, ਸੰਗੁ=ਸਾਥ, ਸੰਮ੍ਰਿਥ=
ਸਾਰੀਆਂ ਤਾਕਤਾਂ ਦਾ ਮਾਲਕ, ਪੁਰਖ=ਸਰਬ ਵਿਆਪਕ, ਸੁਰਿਜਨੁ=
ਦੇਵ-ਲੋਕ ਦਾ ਵਾਸੀ, ਸੇ=ਉਹ)

14. ਸਖੀ ਨਾਲਿ ਵਸਾ ਅਪੁਨੇ ਨਾਹ ਪਿਆਰੇ

ਸਖੀ ਨਾਲਿ ਵਸਾ ਅਪੁਨੇ ਨਾਹ ਪਿਆਰੇ ਮੇਰਾ ਮਨੁ ਤਨੁ ਹਰਿ ਸੰਗਿ ਹਿਲਿਆ ॥
ਸੁਣਿ ਸਖੀਏ ਮੇਰੀ ਨੀਦ ਭਲੀ ਮੈ ਆਪਨੜਾ ਪਿਰੁ ਮਿਲਿਆ ॥
ਭ੍ਰਮੁ ਖੋਇਓ ਸਾਂਤਿ ਸਹਜਿ ਸੁਆਮੀ ਪਰਗਾਸੁ ਭਇਆ ਕਉਲੁ ਖਿਲਿਆ ॥
ਵਰੁ ਪਾਇਆ ਪ੍ਰਭੁ ਅੰਤਰਜਾਮੀ ਨਾਨਕ ਸੋਹਾਗੁ ਨ ਟਲਿਆ ॥੪॥੪॥੨॥੫॥੧੧॥੨੪੯॥

(ਵਸਾ=ਵਸਾਂ, ਅਪੁਨੇ ਨਾਹ ਨਾਲਿ=ਆਪਣੇ ਖਸਮ ਨਾਲ, ਸੰਗਿ=ਨਾਲ,
ਹਿਲਿਆ=ਗਿੱਝ ਗਿਆ ਹੈ, ਭ੍ਰਮੁ=ਭਟਕਣਾ, ਸਹਜਿ=ਆਤਮਕ ਅਡੋਲਤਾ
ਵਿਚ, ਪਰਗਾਸੁ=ਚਾਨਣ, ਖਿਲਿਆ=ਖਿੜ ਪਿਆ ਹੈ, ਵਰੁ=ਖਸਮ,
ਅੰਤਰਜਾਮੀ=ਸਭ ਦੇ ਦਿਲ ਦੀ ਜਾਣਨ ਵਾਲਾ, ਸੋਹਾਗੁ=ਚੰਗਾ ਭਾਗ)

15. ਅਨਦੋ ਅਨਦੁ ਘਣਾ

ਅਨਦੋ ਅਨਦੁ ਘਣਾ ਮੈ ਸੋ ਪ੍ਰਭੁ ਡੀਠਾ ਰਾਮ ॥
ਚਾਖਿਅੜਾ ਚਾਖਿਅੜਾ ਮੈ ਹਰਿ ਰਸੁ ਮੀਠਾ ਰਾਮ ॥
ਹਰਿ ਰਸੁ ਮੀਠਾ ਮਨ ਮਹਿ ਵੂਠਾ ਸਤਿਗੁਰੁ ਤੂਠਾ ਸਹਜੁ ਭਇਆ ॥
ਗ੍ਰਿਹੁ ਵਸਿ ਆਇਆ ਮੰਗਲੁ ਗਾਇਆ ਪੰਚ ਦੁਸਟ ਓਇ ਭਾਗਿ ਗਇਆ ॥
ਸੀਤਲ ਆਘਾਣੇ ਅੰਮ੍ਰਿਤ ਬਾਣੇ ਸਾਜਨ ਸੰਤ ਬਸੀਠਾ ॥
ਕਹੁ ਨਾਨਕ ਹਰਿ ਸਿਉ ਮਨੁ ਮਾਨਿਆ ਸੋ ਪ੍ਰਭੁ ਨੈਣੀ ਡੀਠਾ ॥੧॥੪੫੨॥

(ਅਨਦੋ ਅਨਦੁ=ਆਨੰਦ ਹੀ ਆਨੰਦ, ਘਣਾ=ਬਹੁਤ,
ਵੂਠਾ=ਆ ਵੱਸਿਆ, ਤੁਠਾ=ਪ੍ਰਸੰਨ ਹੋਇਆ, ਸਹਜੁ=
ਆਤਮਕ ਅਡੋਲਤਾ, ਗ੍ਰਿਹੁ=ਘਰ,ਹਿਰਦਾ-ਘਰ, ਵਸਿ
ਆਇਆ=ਵੱਸ ਪਿਆ ਹੈ, ਮੰਗਲੁ=ਖ਼ੁਸ਼ੀ ਦਾ ਗੀਤ,
ਓਇ=ਉਹ, ਭਾਗਿ ਗਇਆ=ਭੱਜ ਗਏ, ਆਘਾਣੇ=
ਰੱਜ ਗਏ ਹਨ, ਅੰਮ੍ਰਿਤ ਬਾਣੇ=ਆਤਮਕ ਜੀਵਨ ਦੇਣ
ਵਾਲੀ ਬਾਣੀ ਨਾਲ, ਬਸੀਠਾ=ਵਕੀਲ,ਵਿਚੋਲਾ, ਸਿਉ=
ਨਾਲ, ਨੈਣੀ=ਅੱਖਾਂ ਨਾਲ)

16. ਸੋਹਿਅੜੇ ਸੋਹਿਅੜੇ ਮੇਰੇ ਬੰਕ ਦੁਆਰੇ

ਸੋਹਿਅੜੇ ਸੋਹਿਅੜੇ ਮੇਰੇ ਬੰਕ ਦੁਆਰੇ ਰਾਮ ॥
ਪਾਹੁਨੜੇ ਪਾਹੁਨੜੇ ਮੇਰੇ ਸੰਤ ਪਿਆਰੇ ਰਾਮ ॥
ਸੰਤ ਪਿਆਰੇ ਕਾਰਜ ਸਾਰੇ ਨਮਸਕਾਰ ਕਰਿ ਲਗੇ ਸੇਵਾ ॥
ਆਪੇ ਜਾਞੀ ਆਪੇ ਮਾਞੀ ਆਪਿ ਸੁਆਮੀ ਆਪਿ ਦੇਵਾ ॥
ਅਪਣਾ ਕਾਰਜੁ ਆਪਿ ਸਵਾਰੇ ਆਪੇ ਧਾਰਨ ਧਾਰੇ ॥
ਕਹੁ ਨਾਨਕ ਸਹੁ ਘਰ ਮਹਿ ਬੈਠਾ ਸੋਹੇ ਬੰਕ ਦੁਆਰੇ ॥੨॥੪੫੨॥

(ਸੋਹਿਅੜੇ=ਸੋਭਨੀਕ ਹੋ ਗਏ ਹਨ, ਬੰਕ=ਬਾਂਕੇ,ਸੁੰਦਰ,
ਮੇਰੇ ਦੁਆਰੇ=ਮੇਰੇ ਗਿਆਨ-ਇੰਦ੍ਰੇ, ਪਾਹੁਨੜੇ=ਮੇਰੀ ਜਿੰਦ
ਦਾ ਪਤੀ, ਕਾਰਜ ਸਾਰੇ=ਮੇਰੇ ਕੰਮ ਸੰਵਾਰਦੇ ਹਨ, ਕਰਿ=
ਕਰ ਕੇ, ਆਪੇ=ਆਪ ਹੀ, ਮਾਞੀ=ਮੇਲ, ਸੁਆਮੀ=ਖਸਮ,
ਦੇਵਾ=ਇਸ਼ਟ-ਦੇਵ,, ਕਾਰਜੁ=ਵਿਆਹ ਦਾ ਕੰਮ, ਧਾਰਨ
ਧਾਰੇ=ਆਸਰਾ ਦੇਂਦਾ ਹੈ, ਸਹੁ=ਖਸਮ-ਪ੍ਰਭੂ, ਘਰ=ਹਿਰਦਾ-ਘਰ)

17. ਨਵ ਨਿਧੇ ਨਉ ਨਿਧੇ

ਨਵ ਨਿਧੇ ਨਉ ਨਿਧੇ ਮੇਰੇ ਘਰ ਮਹਿ ਆਈ ਰਾਮ ॥
ਸਭੁ ਕਿਛੁ ਮੈ ਸਭੁ ਕਿਛੁ ਪਾਇਆ ਨਾਮੁ ਧਿਆਈ ਰਾਮ ॥
ਨਾਮੁ ਧਿਆਈ ਸਦਾ ਸਖਾਈ ਸਹਜ ਸੁਭਾਈ ਗੋਵਿੰਦਾ ॥
ਗਣਤ ਮਿਟਾਈ ਚੂਕੀ ਧਾਈ ਕਦੇ ਨ ਵਿਆਪੈ ਮਨ ਚਿੰਦਾ ॥
ਗੋਵਿੰਦ ਗਾਜੇ ਅਨਹਦ ਵਾਜੇ ਅਚਰਜ ਸੋਭ ਬਣਾਈ ॥
ਕਹੁ ਨਾਨਕ ਪਿਰੁ ਮੇਰੈ ਸੰਗੇ ਤਾ ਮੈ ਨਵ ਨਿਧਿ ਪਾਈ ॥੩॥੪੫੨॥

(ਨਵ ਨਿਧੇ=ਸ੍ਰਿਸ਼ਟੀ ਦੇ ਸਾਰੇ ਨੌ ਹੀ ਖ਼ਜ਼ਾਨੇ, ਘਰ=ਹਿਰਦਾ-ਘਰ,
ਧਿਆਈ=ਧਿਆਈਂ,ਮੈਂ ਸਿਮਰਦਾ ਹਾਂ, ਸਖਾਈ=ਸਾਥੀ, ਸਹਜ=
ਆਤਮਕ ਅਡੋਲਤਾ, ਸੁਭਾਈ=ਸ੍ਰੇਸ਼ਟ ਪ੍ਰੇਮ ਦਾ ਦਾਤਾ, ਗਣਤ=ਚਿੰਤਾ,
ਚੂਕੀ=ਮੁੱਕ ਗਈ ਹੈ, ਧਾਈ=ਭਟਕਣਾ, ਨ ਵਿਆਪੈ=ਜ਼ੋਰ ਨਹੀਂ ਪਾ
ਸਕਦੀ, ਚਿੰਦਾ=ਚਿੰਤਾ, ਗਾਜੇ=ਗੱਜ ਰਿਹਾ ਹੈ, ਅਨਹਦ=ਇੱਕ-ਰਸ,
ਅਨਹਦ ਵਾਜੇ=ਇੱਕ-ਰਸ ਵਾਜੇ ਵੱਜ ਰਹੇ ਹਨ, ਸੋਭ=ਸੋਭਾ,
ਮੇਰੈ ਸੰਗੇ=ਮੇਰੇ ਨਾਲ)

18. ਸਰਸਿਅੜੇ ਸਰਸਿਅੜੇ ਮੇਰੇ ਭਾਈ

ਸਰਸਿਅੜੇ ਸਰਸਿਅੜੇ ਮੇਰੇ ਭਾਈ ਸਭ ਮੀਤਾ ਰਾਮ ॥
ਬਿਖਮੋ ਬਿਖਮੁ ਅਖਾੜਾ ਮੈ ਗੁਰ ਮਿਲਿ ਜੀਤਾ ਰਾਮ ॥
ਗੁਰ ਮਿਲਿ ਜੀਤਾ ਹਰਿ ਹਰਿ ਕੀਤਾ ਤੂਟੀ ਭੀਤਾ ਭਰਮ ਗੜਾ ॥
ਪਾਇਆ ਖਜਾਨਾ ਬਹੁਤੁ ਨਿਧਾਨਾ ਸਾਣਥ ਮੇਰੀ ਆਪਿ ਖੜਾ ॥
ਸੋਈ ਸੁਗਿਆਨਾ ਸੋ ਪਰਧਾਨਾ ਜੋ ਪ੍ਰਭਿ ਅਪਨਾ ਕੀਤਾ ॥
ਕਹੁ ਨਾਨਕ ਜਾਂ ਵਲਿ ਸੁਆਮੀ ਤਾ ਸਰਸੇ ਭਾਈ ਮੀਤਾ ॥੪॥੧॥੪੫੨॥

(ਸਰਸਿਅੜੇ=ਸ-ਰਸ ਹੋ ਗਏ ਹਨ,ਆਨੰਦ-ਪੂਰਨ ਹੋ ਗਏ
ਹਨ, ਮੇਰੇ ਭਾਈ ਮੀਤਾ=ਮੇਰੇ ਮਿੱਤਰ ਮੇਰੇ ਭਰਾ,ਮੇਰੇ ਸਾਰੇ
ਗਿਆਨ-ਇੰਦ੍ਰੇ, ਬਿਖਮੋ ਬਿਖਮੁ=ਬਹੁਤ ਔਖਾ, ਅਖਾੜਾ=
ਸੰਸਾਰ-ਅਖਾੜਾ ਜਿਥੇ ਕਾਮਾਦਿਕ ਵਿਕਾਰਾਂ ਨਾਲ ਸਦਾ ਘੋਲ
ਹੋ ਰਿਹਾ ਹੈ, ਭੀਤਾ=ਕੰਧ, ਭਰਮ ਗੜਾ=ਭਰਮ ਦੇ ਕਿਲ੍ਹੇ ਦੀ,
ਸਾਣਥ=ਸਹਾਇਤਾ ਲਈ, ਸੁਗਿਆਨਾ=ਗਿਆਨ ਵਾਲਾ,
ਪਰਧਾਨਾ=ਮੰਨਿਆ-ਪ੍ਰਮੰਨਿਆ, ਜੋ=ਜਿਸ ਨੂੰ, ਪ੍ਰਭਿ=ਪ੍ਰਭੂ ਨੇ,
ਜਾਂ=ਜਦੋਂ, ਵਲਿ=ਪੱਖ ਤੇ)

19. ਹਰਿ ਚਰਨ ਕਮਲ ਮਨੁ ਬੇਧਿਆ

ਹਰਿ ਚਰਨ ਕਮਲ ਮਨੁ ਬੇਧਿਆ ਕਿਛੁ ਆਨ ਨ ਮੀਠਾ ਰਾਮ ਰਾਜੇ ॥
ਮਿਲਿ ਸੰਤਸੰਗਤਿ ਆਰਾਧਿਆ ਹਰਿ ਘਟਿ ਘਟੇ ਡੀਠਾ ਰਾਮ ਰਾਜੇ ॥
ਹਰਿ ਘਟਿ ਘਟੇ ਡੀਠਾ ਅੰਮ੍ਰਿਤੁ ਵੂਠਾ ਜਨਮ ਮਰਨ ਦੁਖ ਨਾਠੇ ॥
ਗੁਣ ਨਿਧਿ ਗਾਇਆ ਸਭ ਦੂਖ ਮਿਟਾਇਆ ਹਉਮੈ ਬਿਨਸੀ ਗਾਠੇ ॥
ਪ੍ਰਿਉ ਸਹਜ ਸੁਭਾਈ ਛੋਡਿ ਨ ਜਾਈ ਮਨਿ ਲਾਗਾ ਰੰਗੁ ਮਜੀਠਾ ॥
ਹਰਿ ਨਾਨਕ ਬੇਧੇ ਚਰਨ ਕਮਲ ਕਿਛੁ ਆਨ ਨ ਮੀਠਾ ॥੧॥੪੫੩॥

(ਬੇਧਿਆ=ਵਿੱਝ ਗਿਆ, ਕਿਛੁ ਆਨ=ਹੋਰ ਕੋਈ ਭੀ ਚੀਜ਼,
ਘਟਿ ਘਟੇ=ਹਰੇਕ ਸਰੀਰ ਵਿਚ, ਅੰਮ੍ਰਿਤੁ=ਆਤਮਕ ਜੀਵਨ
ਦੇਣ ਵਾਲਾ ਨਾਮ-ਜਲ, ਵੂਠਾ=ਆ ਵੱਸਿਆ, ਨਾਠੇ=ਨੱਠ ਗਏ,
ਨਿਧਿ=ਖ਼ਜ਼ਾਨਾ, ਗਾਠੇ=ਗੰਢ, ਸਹਜ ਸੁਭਾਈ=ਆਤਮਕ ਅਡੋਲਤਾ
ਨੂੰ ਪਿਆਰ ਕਰਨ ਵਾਲਾ, ਬੇਧੇ=ਵਿੱਝ ਜਾਣ ਨਾਲ)

20. ਜਿਉ ਰਾਤੀ ਜਲਿ ਮਾਛੁਲੀ

ਜਿਉ ਰਾਤੀ ਜਲਿ ਮਾਛੁਲੀ ਤਿਉ ਰਾਮ ਰਸਿ ਮਾਤੇ ਰਾਮ ਰਾਜੇ ॥
ਗੁਰ ਪੂਰੈ ਉਪਦੇਸਿਆ ਜੀਵਨ ਗਤਿ ਭਾਤੇ ਰਾਮ ਰਾਜੇ ॥
ਜੀਵਨ ਗਤਿ ਸੁਆਮੀ ਅੰਤਰਜਾਮੀ ਆਪਿ ਲੀਏ ਲੜਿ ਲਾਏ ॥
ਹਰਿ ਰਤਨ ਪਦਾਰਥੋ ਪਰਗਟੋ ਪੂਰਨੋ ਛੋਡਿ ਨ ਕਤਹੂ ਜਾਏ ॥
ਪ੍ਰਭੁ ਸੁਘਰੁ ਸਰੂਪੁ ਸੁਜਾਨੁ ਸੁਆਮੀ ਤਾ ਕੀ ਮਿਟੈ ਨ ਦਾਤੇ ॥
ਜਲ ਸੰਗਿ ਰਾਤੀ ਮਾਛੁਲੀ ਨਾਨਕ ਹਰਿ ਮਾਤੇ ॥੨॥੪੫੪॥

(ਰਾਤੀ=ਮਸਤ, ਰਸਿ=ਆਨੰਦ ਵਿਚ, ਮਾਤੇ=ਮਸਤ, ਗੁਰ ਪੂਰੈ=
ਪੂਰੇ ਗੁਰੂ ਨੇ, ਜੀਵਨ ਗਤਿ=ਚੰਗਾ ਆਤਮਕ ਜੀਵਨ ਦੇਣ ਵਾਲਾ,
ਭਾਤੇ=ਚੰਗੇ ਲੱਗਦੇ ਹਨ, ਅੰਤਰਜਾਮੀ=ਹਰੇਕ ਦੇ ਦਿਲ ਦੀ ਜਾਣਨ
ਵਾਲਾ, ਲੜਿ=ਪੱਲੇ ਨਾਲ, ਕਤਹੂ=ਕਿਤੇ ਭੀ, ਸੁਘਰੁ=ਸੁਚੱਜਾ,
ਸਰੂਪੁ=ਸੋਹਣੇ ਰੂਪ ਵਾਲਾ, ਸੁਜਾਨੁ=ਸਿਆਣਾ)

21. ਚਾਤ੍ਰਿਕੁ ਜਾਚੈ ਬੂੰਦ ਜਿਉ

ਚਾਤ੍ਰਿਕੁ ਜਾਚੈ ਬੂੰਦ ਜਿਉ ਹਰਿ ਪ੍ਰਾਨ ਅਧਾਰਾ ਰਾਮ ਰਾਜੇ ॥
ਮਾਲੁ ਖਜੀਨਾ ਸੁਤ ਭ੍ਰਾਤ ਮੀਤ ਸਭਹੂੰ ਤੇ ਪਿਆਰਾ ਰਾਮ ਰਾਜੇ ॥
ਸਭਹੂੰ ਤੇ ਪਿਆਰਾ ਪੁਰਖੁ ਨਿਰਾਰਾ ਤਾ ਕੀ ਗਤਿ ਨਹੀ ਜਾਣੀਐ ॥
ਹਰਿ ਸਾਸਿ ਗਿਰਾਸਿ ਨ ਬਿਸਰੈ ਕਬਹੂੰ ਗੁਰ ਸਬਦੀ ਰੰਗੁ ਮਾਣੀਐ ॥
ਪ੍ਰਭੁ ਪੁਰਖੁ ਜਗਜੀਵਨੋ ਸੰਤ ਰਸੁ ਪੀਵਨੋ ਜਪਿ ਭਰਮ ਮੋਹ ਦੁਖ ਡਾਰਾ ॥
ਚਾਤ੍ਰਿਕੁ ਜਾਚੈ ਬੂੰਦ ਜਿਉ ਨਾਨਕ ਹਰਿ ਪਿਆਰਾ ॥੩॥੪੫੪॥

(ਚਾਤ੍ਰਿਕੁ=ਪਪੀਹਾ, ਜਾਚੈ=ਮੰਗਦਾ ਹੈ, ਬੂੰਦਿ=ਕਣੀ, ਪ੍ਰਾਨ ਅਧਾਰਾ=
ਜਿੰਦ ਦਾ ਸਹਾਰਾ, ਖਜੀਨਾ=ਖ਼ਜ਼ਾਨੇ, ਸੁਤ=ਪੁੱਤਰ, ਸਭ ਹੂੰ ਤੇ=ਸਭਨਾਂ
ਨਾਲੋਂ, ਪੁਰਖੁ=ਸਰਬ-ਵਿਆਪਕ, ਨਿਰਾਰਾ=ਨਿਰਾਲਾ,ਔਖਾ, ਗਤਿ=
ਆਤਮਕ ਅਵਸਥਾ, ਗਿਰਾਸਿ=ਹਰੇਕ ਗਿਰਾਹੀ ਦੇ ਨਾਲ, ਮਾਣੀਐ=
ਮਾਣਿਆ ਜਾ ਸਕਦਾ ਹੈ, ਜਗ ਜੀਵਨੋ=ਜਗਜੀਵਨ, ਡਾਰਾ=ਦੂਰ ਕਰ ਲਏ)

22. ਮਿਲੇ ਨਰਾਇਣ ਆਪਣੇ

ਮਿਲੇ ਨਰਾਇਣ ਆਪਣੇ ਮਾਨੋਰਥੋ ਪੂਰਾ ਰਾਮ ਰਾਜੇ ॥
ਢਾਠੀ ਭੀਤਿ ਭਰੰਮ ਕੀ ਭੇਟਤ ਗੁਰੁ ਸੂਰਾ ਰਾਮ ਰਾਜੇ ॥
ਪੂਰਨ ਗੁਰ ਪਾਏ ਪੁਰਬਿ ਲਿਖਾਏ ਸਭ ਨਿਧਿ ਦੀਨ ਦਇਆਲਾ ॥
ਆਦਿ ਮਧਿ ਅੰਤਿ ਪ੍ਰਭੁ ਸੋਈ ਸੁੰਦਰ ਗੁਰ ਗੋਪਾਲਾ ॥
ਸੂਖ ਸਹਜ ਆਨੰਦ ਘਨੇਰੇ ਪਤਿਤ ਪਾਵਨ ਸਾਧੂ ਧੂਰਾ ॥
ਹਰਿ ਮਿਲੇ ਨਰਾਇਣ ਨਾਨਕਾ ਮਾਨੋਰਥੁ ਪੂਰਾ ॥੪॥੧॥੩॥੪੫੪॥

(ਢਾਠੀ=ਢਹਿ ਪਈ, ਭੀਤਿ=ਕੰਧ, ਭਰੰਮ=ਭਟਕਣਾ,
ਸੂਰਾ=ਸੂਰਮਾ, ਪੂਰਨ=ਸਾਰੇ ਗੁਣਾਂ ਦਾ ਮਾਲਕ, ਪੁਰਬਿ=
ਪਹਿਲੇ ਜਨਮ ਵਿਚ, ਨਿਧਿ=ਖ਼ਜ਼ਾਨਾ, ਦਇਆਲਾ=ਦਇਆ
ਕਰਨ ਵਾਲਾ, ਆਦਿ=ਸ਼ੁਰੂ ਵਿਚ, ਮਧਿ=ਵਿਚਕਾਰ, ਅੰਤਿ=
ਅਖ਼ੀਰ ਵਿਚ, ਗੁਰ=ਵੱਡਾ, ਗੋਪਾਲਾ=ਧਰਤੀ ਦਾ ਪਾਲਣਹਾਰ,
ਸਹਜ=ਆਤਮਕ ਅਡੋਲਤਾ, ਘਨੇਰੇ=ਬਹੁਤ, ਪਤਿਤ ਪਾਵਨ=
ਵਿਕਾਰਾਂ ਵਿਚ ਡਿੱਗੇ ਹੋਇਆਂ ਨੂੰ ਪਵਿਤ੍ਰ ਕਰਨ ਵਾਲਾ, ਸਾਧੂ=ਗੁਰੂ)

23. ਜਲ ਦੁਧ ਨਿਆਈ ਰੀਤਿ

ਜਲ ਦੁਧ ਨਿਆਈ ਰੀਤਿ ਅਬ ਦੁਧ ਆਚ ਨਹੀ ਮਨ ਐਸੀ ਪ੍ਰੀਤਿ ਹਰੇ ॥
ਅਬ ਉਰਝਿਓ ਅਲਿ ਕਮਲੇਹ ਬਾਸਨ ਮਾਹਿ ਮਗਨ ਇਕੁ ਖਿਨੁ ਭੀ ਨਾਹਿ ਟਰੈ ॥
ਖਿਨੁ ਨਾਹਿ ਟਰੀਐ ਪ੍ਰੀਤਿ ਹਰੀਐ ਸੀਗਾਰ ਹਭਿ ਰਸ ਅਰਪੀਐ ॥
ਜਹ ਦੂਖੁ ਸੁਣੀਐ ਜਮ ਪੰਥੁ ਭਣੀਐ ਤਹ ਸਾਧਸੰਗਿ ਨ ਡਰਪੀਐ ॥
ਕਰਿ ਕੀਰਤਿ ਗੋਵਿੰਦ ਗੁਣੀਐ ਸਗਲ ਪ੍ਰਾਛਤ ਦੁਖ ਹਰੇ ॥
ਕਹੁ ਨਾਨਕ ਛੰਤ ਗੋਵਿੰਦ ਹਰਿ ਕੇ ਮਨ ਹਰਿ ਸਿਉ ਨੇਹੁ ਕਰੇਹੁ ਐਸੀ ਮਨ ਪ੍ਰੀਤਿ ਹਰੇ ॥੧॥੪੫੪॥

(ਨਿਆਈ=ਵਾਂਗ, ਰੀਤਿ=ਮਰਯਾਦਾ, ਅਬ=ਹੁਣ,ਤਦੋਂ, ਆਚ=ਸੇਕ,
ਉਰਝਿਓ=ਫਸ ਗਿਆ, ਅਲਿ=ਭੌਰਾ, ਬਾਸਨ=ਸੁਗੰਧੀ, ਮਗਨ=ਮਸਤ,
ਟਰੈ=ਟਾਲਦਾ, ਟਰੀਐ=ਹਟਣਾ ਚਾਹੀਦਾ, ਹਭਿ=ਸਾਰੇ, ਰਸ=ਸੁਆਦ,
ਅਰਪੀਐ=ਭੇਟਾ ਕਰ ਦੇਣੇ ਚਾਹੀਦੇ ਹਨ, ਜਹ=ਜਿੱਥੇ, ਪੰਥੁ=ਰਸਤਾ,
ਭਣੀਐ=ਆਖਿਆ ਜਾਂਦਾ ਹੈ, ਤਹ=ਉਥੇ, ਨ ਡਰਪੀਐ=ਨਹੀਂ ਡਰੀਦਾ,
ਕੀਰਤਿ=ਸਿਫ਼ਤਿ-ਸਾਲਾਹ, ਗੁਣੀਐ=ਗੁਣਾਂ ਦੀ, ਪ੍ਰਾਛਤ=ਪਛਤਾਵੇ, ਹਰੇ=
ਦੂਰ ਕਰ ਦੇਂਦਾ ਹੈ, ਛੰਤ=ਸਿਫ਼ਤਿ-ਸਾਲਾਹ ਦੇ ਗੀਤ, ਕਰੇਹੁ=ਕਰ)

24. ਜੈਸੀ ਮਛੁਲੀ ਨੀਰ

ਜੈਸੀ ਮਛੁਲੀ ਨੀਰ ਇਕੁ ਖਿਨੁ ਭੀ ਨਾ ਧੀਰੇ ਮਨ ਐਸਾ ਨੇਹੁ ਕਰੇਹੁ ॥
ਜੈਸੀ ਚਾਤ੍ਰਿਕ ਪਿਆਸ ਖਿਨੁ ਖਿਨੁ ਬੂੰਦ ਚਵੈ ਬਰਸੁ ਸੁਹਾਵੇ ਮੇਹੁ ॥
ਹਰਿ ਪ੍ਰੀਤਿ ਕਰੀਜੈ ਇਹੁ ਮਨੁ ਦੀਜੈ ਅਤਿ ਲਾਈਐ ਚਿਤੁ ਮੁਰਾਰੀ ॥
ਮਾਨੁ ਨ ਕੀਜੈ ਸਰਣਿ ਪਰੀਜੈ ਦਰਸਨ ਕਉ ਬਲਿਹਾਰੀ ॥
ਗੁਰ ਸੁਪ੍ਰਸੰਨੇ ਮਿਲੁ ਨਾਹ ਵਿਛੁੰਨੇ ਧਨ ਦੇਦੀ ਸਾਚੁ ਸਨੇਹਾ ॥
ਕਹੁ ਨਾਨਕ ਛੰਤ ਅਨੰਤ ਠਾਕੁਰ ਕੇ ਹਰਿ ਸਿਉ ਕੀਜੈ ਨੇਹਾ ਮਨ ਐਸਾ ਨੇਹੁ ਕਰੇਹੁ ॥੨॥੪੫੪॥

(ਨੀਰ=ਪਾਣੀ, ਧੀਰੇ=ਧੀਰਜ ਕਰਦੀ, ਨੇਹੁ=ਪ੍ਰੇਮ, ਕਰੇਹੁ=ਕਰ,
ਚਾਤ੍ਰਿਕ=ਪਪੀਹਾ, ਬੂੰਦ=ਵਰਖਾ ਦੀ ਕਣੀ, ਚਵੈ=ਬੋਲਦਾ ਹੈ,
ਚਵੈ ਮੇਹੁ=ਚਵੈ ਮੇਘੁ,ਬੱਦਲ ਨੂੰ ਆਖਦਾ ਹੈ, ਸੁਹਾਵੇ=ਹੇ ਸੋਹਣੇ
ਮੇਘ, ਬਰਸੁ=ਵਰਖਾ ਕਰ, ਦੀਜੈ=ਭੇਟ ਕਰ ਦੇਣਾ ਚਾਹੀਦਾ ਹੈ,
ਮੁਰਾਰੀ=ਪਰਮਾਤਮਾ, ਮਾਨੁ=ਅਹੰਕਾਰ, ਸੁਪ੍ਰਸੰਨੇ=ਦਇਆਵਾਨ,
ਨਾਹ=ਹੇ ਨਾਥ, ਵਿਛੁੰਨੇ=ਹੇ ਵਿਛੁੜੇ ਹੋਏ, ਧਨ=ਜੀਵ-ਇਸਤ੍ਰੀ,
ਛੰਤ=ਸਿਫ਼ਤਿ-ਸਾਲਾਹ ਦੇ ਗੀਤ, ਨੇਹਾ=ਨੇਹੁ,ਪ੍ਰੇਮ)

25. ਚਕਵੀ ਸੂਰ ਸਨੇਹੁ

ਚਕਵੀ ਸੂਰ ਸਨੇਹੁ ਚਿਤਵੈ ਆਸ ਘਣੀ ਕਦਿ ਦਿਨੀਅਰੁ ਦੇਖੀਐ ॥
ਕੋਕਿਲ ਅੰਬ ਪਰੀਤਿ ਚਵੈ ਸੁਹਾਵੀਆ ਮਨ ਹਰਿ ਰੰਗੁ ਕੀਜੀਐ ॥
ਹਰਿ ਪ੍ਰੀਤਿ ਕਰੀਜੈ ਮਾਨੁ ਨ ਕੀਜੈ ਇਕ ਰਾਤੀ ਕੇ ਹਭਿ ਪਾਹੁਣਿਆ ॥
ਅਬ ਕਿਆ ਰੰਗੁ ਲਾਇਓ ਮੋਹੁ ਰਚਾਇਓ ਨਾਗੇ ਆਵਣ ਜਾਵਣਿਆ ॥
ਥਿਰੁ ਸਾਧੂ ਸਰਣੀ ਪੜੀਐ ਚਰਣੀ ਅਬ ਟੂਟਸਿ ਮੋਹੁ ਜੁ ਕਿਤੀਐ ॥
ਕਹੁ ਨਾਨਕ ਛੰਤ ਦਇਆਲ ਪੁਰਖ ਕੇ ਮਨ ਹਰਿ ਲਾਇ ਪਰੀਤਿ ਕਬ ਦਿਨੀਅਰੁ ਦੇਖੀਐ ॥੩॥੪੫੫॥

(ਸੂਰ=ਸੂਰਜ, ਸਨੇਹੁ=ਪਿਆਰ, ਚਿਤਵੈ=ਚਿਤਾਰਦੀ ਹੈ, ਘਣੀ=ਬਹੁਤ,
ਕਦਿ=ਕਦੋਂ, ਦਿਨੀਅਰੁ=ਦਿਨਕਰ,ਦਿਨ ਬਨਾਣ ਵਾਲਾ,ਸੂਰਜ, ਕੋਕਿਲ=
ਕੋਇਲ, ਚਵੈ ਸੁਹਾਵਿਆ=ਮਿੱਠਾ ਬੋਲਦੀ ਹੈ, ਰੰਗੁ=ਪਿਆਰ, ਹਭਿ=ਸਾਰੇ,
ਪਾਹੁਣਿਆ=ਪ੍ਰਾਹੁਣੇ, ਥਿਰੁ=ਅਡੋਲ ਚਿੱਤ, ਜੁ=ਜੇਹੜਾ ਮੋਹ, ਕਿਤੀਐ=ਤੂੰ
ਬਣਾਇਆ ਹੋਇਆ ਹੈ, ਮਨਿ=ਮਨ ਵਿਚ)

26. ਨਿਸਿ ਕੁਰੰਕ ਜੈਸੇ ਨਾਦ ਸੁਣਿ

ਨਿਸਿ ਕੁਰੰਕ ਜੈਸੇ ਨਾਦ ਸੁਣਿ ਸ੍ਰਵਣੀ ਹੀਉ ਡਿਵੈ ਮਨ ਐਸੀ ਪ੍ਰੀਤਿ ਕੀਜੈ ॥
ਜੈਸੀ ਤਰੁਣਿ ਭਤਾਰ ਉਰਝੀ ਪਿਰਹਿ ਸਿਵੈ ਇਹੁ ਮਨੁ ਲਾਲ ਦੀਜੈ ॥
ਮਨੁ ਲਾਲਹਿ ਦੀਜੈ ਭੋਗ ਕਰੀਜੈ ਹਭਿ ਖੁਸੀਆ ਰੰਗ ਮਾਣੇ ॥
ਪਿਰੁ ਅਪਨਾ ਪਾਇਆ ਰੰਗੁ ਲਾਲੁ ਬਣਾਇਆ ਅਤਿ ਮਿਲਿਓ ਮਿਤ੍ਰ ਚਿਰਾਣੇ ॥
ਗੁਰੁ ਥੀਆ ਸਾਖੀ ਤਾ ਡਿਠਮੁ ਆਖੀ ਪਿਰ ਜੇਹਾ ਅਵਰੁ ਨ ਦੀਸੈ ॥
ਕਹੁ ਨਾਨਕ ਛੰਤ ਦਇਆਲ ਮੋਹਨ ਕੇ ਮਨ ਹਰਿ ਚਰਣ ਗਹੀਜੈ ਐਸੀ ਮਨ ਪ੍ਰੀਤਿ ਕੀਜੈ ॥੪॥੧॥੪॥੪੫੫॥

(ਨਿਸਿ=ਰਾਤ ਵੇਲੇ, ਕੁਰੰਕ=ਹਰਨ, ਨਾਦ=ਘੰਡੇ ਹੇੜੇ ਦੀ ਆਵਾਜ਼,
ਸ੍ਰਵਣੀ=ਕੰਨਾਂ ਨਾਲ, ਹੀਉ=ਹਿਰਦਾ, ਡਿਵੈ=ਦੇਂਦਾ ਹੈ, ਤਰੁਣਿ=
ਜਵਾਨ ਇਸਤ੍ਰੀ, ਉਰਝੀ=ਫਸੀ ਹੋਈ, ਸਿਵੈ=ਸੇਵਾ ਕਰਦੀ ਹੈ,
ਲਾਲ=ਸੁਹਣੇ ਹਰੀ ਨੂੰ, ਲਾਲਹਿ=ਲਾਲ ਨੂੰ, ਹਭਿ=ਸਾਰੀਆਂ, ਅਤਿ
ਚਿਰਾਣੇ=ਮੁੱਢ ਕਦੀਮਾਂ ਦੇ, ਸਾਖੀ=ਗਵਾਹ,ਵਿਚੋਲਾ, ਡਿਠਮੁ=ਮੈਂ
ਵੇਖ ਲਿਆ ਹੈ, ਆਖੀ=ਅੱਖਾਂ ਨਾਲ, ਮੋਹਨ=ਮਨ ਨੂੰ ਮੋਹ ਲੈਣ
ਵਾਲਾ ਹਰੀ, ਗਹੀਜੈ=ਪਕੜ ਲੈਣਾ ਚਾਹੀਦਾ ਹੈ)

27. ਜੇਤੀ ਪ੍ਰਭੂ ਜਨਾਈ

ਜੇਤੀ ਪ੍ਰਭੂ ਜਨਾਈ ਰਸਨਾ ਤੇਤ ਭਨੀ ॥
ਅਨਜਾਨਤ ਜੋ ਸੇਵੈ ਤੇਤੀ ਨਹ ਜਾਇ ਗਨੀ ॥
ਅਵਿਗਤ ਅਗਨਤ ਅਥਾਹ ਠਾਕੁਰ ਸਗਲ ਮੰਝੇ ਬਾਹਰਾ ॥
ਸਰਬ ਜਾਚਿਕ ਏਕੁ ਦਾਤਾ ਨਹ ਦੂਰਿ ਸੰਗੀ ਜਾਹਰਾ ॥
ਵਸਿ ਭਗਤ ਥੀਆ ਮਿਲੇ ਜੀਆ ਤਾ ਕੀ ਉਪਮਾ ਕਿਤ ਗਨੀ ॥
ਇਹੁ ਦਾਨੁ ਮਾਨੁ ਨਾਨਕੁ ਪਾਏ ਸੀਸੁ ਸਾਧਹ ਧਰਿ ਚਰਨੀ ॥੪॥੨॥੫॥੪੫੬॥

(ਜੇਤੀ=ਜਿਤਨੀ ਸ੍ਰਿਸ਼ਟੀ, ਜਨਾਈ=ਦੱਸੀ ਹੈ, ਰਸਨਾ=ਜੀਭ,
ਤੇਤ=ਉਤਨੀ, ਭਨੀ=ਕਹਿ ਦਿੱਤੀ ਹੈ, ਅਨ ਜਾਨਤ=ਮੈਨੂੰ ਪਤਾ
ਨਹੀਂ, ਤੇਤੀ=ਉਹ ਸਾਰੀ, ਅਵਿਗਤ=ਅਦ੍ਰਿਸ਼ਟ, ਮੰਝੇ=ਵਿਚ,
ਅੰਦਰ, ਜਾਚਿਕ=ਮੰਗਤੇ, ਵਸਿ=ਵਸ ਵਿਚ, ਜੀਅ=ਜੀਵ,
ਤਾ ਕੀ=ਉਹਨਾਂ ਦੀ, ਉਪਮਾ=ਵਡਿਆਈ, ਕਿਤ=ਕਿਤਨੀ,
ਗਨੀ=ਮੈਂ ਦੱਸਾਂ, ਮਾਨੁ=ਆਦਰ, ਸੀਸੁ=ਸਿਰ, ਸਾਧਹ ਚਰਨੀ=
ਗੁਰਮੁਖਾਂ ਦੇ ਪੈਰਾਂ ਉਤੇ, ਧਰਿ=ਧਰੀ ਰੱਖੇ)

28. ਅਪਰਾਧੀ ਮਤਿਹੀਨੁ ਨਿਰਗੁਨੁ

ਅਪਰਾਧੀ ਮਤਿਹੀਨੁ ਨਿਰਗੁਨੁ ਅਨਾਥੁ ਨੀਚੁ ॥
ਸਠ ਕਠੋਰੁ ਕੁਲਹੀਨੁ ਬਿਆਪਤ ਮੋਹ ਕੀਚੁ ॥
ਮਲ ਭਰਮ ਕਰਮ ਅਹੰ ਮਮਤਾ ਮਰਣੁ ਚੀਤਿ ਨ ਆਵਏ ॥
ਬਨਿਤਾ ਬਿਨੋਦ ਅਨੰਦ ਮਾਇਆ ਅਗਿਆਨਤਾ ਲਪਟਾਵਏ ॥
ਖਿਸੈ ਜੋਬਨੁ ਬਧੈ ਜਰੂਆ ਦਿਨ ਨਿਹਾਰੇ ਸੰਗਿ ਮੀਚੁ ॥
ਬਿਨਵੰਤਿ ਨਾਨਕ ਆਸ ਤੇਰੀ ਸਰਣਿ ਸਾਧੂ ਰਾਖੁ ਨੀਚੁ ॥੨॥੪੫੮॥

(ਮਤਿ ਹੀਨੁ=ਅਕਲੋਂ ਸੱਖਣਾ, ਅਨਾਥੁ=ਨਿਆਸਰਾ, ਸਠ=
ਵਿਕਾਰੀ, ਕਠੋਰੁ=ਕਰੜੇ ਹਿਰਦੇ ਵਾਲਾ (ਕਾਠ-ਉਰ), ਕੀਚੁ=
ਚਿੱਕੜ, ਮਲ=ਮੈਲ, ਅਹੰ=ਹਉਮੈ, ਮਮਤਾ=ਅਪਣੱਤ, ਬਨਿਤਾ=
ਇਸਤ੍ਰੀ, ਬਿਨੋਦ=ਚੋਜ-ਤਮਾਸ਼ੇ, ਲਪਟਾਵਏ=ਲਪਟਾਵੈ,ਚੰਬੜੀ
ਹੋਈ ਹੈ, ਖਿਸੈ=ਖਿਸਕ ਰਿਹਾ ਹੈ, ਜੋਬਨੁ=ਜਵਾਨੀ, ਬਧੈ=ਵਧ
ਰਿਹਾ ਹੈ, ਜਰੂਆ=ਬੁਢੇਪਾ, ਨਿਹਾਰੇ=ਤੱਕ ਰਹੀ ਹੈ, ਸੰਗਿ=ਨਾਲ,
ਮੀਚੁ=ਮੌਤ, ਸਾਧੂ=ਗੁਰੂ)

29. ਨਾਮ ਧਾਰੀਕ ਉਧਾਰੇ

ਨਾਮ ਧਾਰੀਕ ਉਧਾਰੇ ਭਗਤਹ ਸੰਸਾ ਕਉਨ ॥
ਜੇਨ ਕੇਨ ਪਰਕਾਰੇ ਹਰਿ ਹਰਿ ਜਸੁ ਸੁਨਹੁ ਸ੍ਰਵਨ ॥
ਸੁਨਿ ਸ੍ਰਵਨ ਬਾਨੀ ਪੁਰਖ ਗਿਆਨੀ ਮਨਿ ਨਿਧਾਨਾ ਪਾਵਹੇ ॥
ਹਰਿ ਰੰਗਿ ਰਾਤੇ ਪ੍ਰਭ ਬਿਧਾਤੇ ਰਾਮ ਕੇ ਗੁਣ ਗਾਵਹੇ ॥
ਬਸੁਧ ਕਾਗਦ ਬਨਰਾਜ ਕਲਮਾ ਲਿਖਣ ਕਉ ਜੇ ਹੋਇ ਪਵਨ ॥
ਬੇਅੰਤ ਅੰਤੁ ਨ ਜਾਇ ਪਾਇਆ ਗਹੀ ਨਾਨਕ ਚਰਣ ਸਰਨ ॥੪॥੫॥੮॥੪੫੮॥

(ਨਾਮ ਧਾਰੀਕ=ਸਿਰਫ਼ ਭਗਤ ਨਾਮ ਧਾਰਨ ਵਾਲੇ, ਸੰਸਾ=ਸਹਮ,
ਕਉਨ=ਕੇਹੜਾ, ਜੇਨ ਕੇਨ ਪਰਕਾਰੇ=ਜਿਸ ਕਿਸੇ ਤਰੀਕੇ ਨਾਲ,
ਜਸੁ=ਸਿਫ਼ਤਿ-ਸਾਲਾਹ, ਸ੍ਰਵਨ=ਕੰਨਾਂ ਨਾਲ, ਸੁਨਿ=ਸੁਣ, ਬਾਨੀ=
ਸਿਫ਼ਤਿ-ਸਾਲਾਹ ਦੀ ਬਾਣੀ, ਪੁਰਖ ਗਿਆਨੀ=ਹੇ ਗਿਆਨਵਾਨ ਬੰਦੇ,
ਨਿਧਾਨਾ=ਖ਼ਜ਼ਾਨਾ, ਪਾਵਹੇ=ਲੱਭ ਲਏਂਗਾ, ਰੰਗਿ=ਪ੍ਰੇਮ-ਰੰਗ ਵਿਚ,
ਰਾਤੇ=ਰੱਤੇ ਹੋਏ,ਮਸਤ, ਬਿਧਾਤੇ=ਸਿਰਜਣਹਾਰ, ਗਾਵਹੇ=ਗਾਂਦੇ ਹਨ,
ਬਸੁਧ=ਬਸੁਧਾ,ਧਰਤੀ, ਬਨਰਾਜ=ਬਨਸਪਤੀ, ਕਉ=ਵਾਸਤੇ, ਪਵਨ=
ਹਵਾ, ਬੇਅੰਤ ਅੰਤੁ=ਬੇਅੰਤ ਪ੍ਰਭੂ ਦਾ ਅੰਤ, ਗਹੀ=ਫੜੀ ਹੈ)

30. ਜਹ ਦੇਖਉ ਤਹ ਸੰਗਿ

ਜਹ ਦੇਖਉ ਤਹ ਸੰਗਿ ਏਕੋ ਰਵਿ ਰਹਿਆ ॥
ਘਟ ਘਟ ਵਾਸੀ ਆਪਿ ਵਿਰਲੈ ਕਿਨੈ ਲਹਿਆ ॥
ਜਲਿ ਥਲਿ ਮਹੀਅਲਿ ਪੂਰਿ ਪੂਰਨ ਕੀਟ ਹਸਤਿ ਸਮਾਨਿਆ ॥
ਆਦਿ ਅੰਤੇ ਮਧਿ ਸੋਈ ਗੁਰ ਪ੍ਰਸਾਦੀ ਜਾਨਿਆ ॥
ਬ੍ਰਹਮੁ ਪਸਰਿਆ ਬ੍ਰਹਮ ਲੀਲਾ ਗੋਵਿੰਦ ਗੁਣ ਨਿਧਿ ਜਨਿ ਕਹਿਆ ॥
ਸਿਮਰਿ ਸੁਆਮੀ ਅੰਤਰਜਾਮੀ ਹਰਿ ਏਕੁ ਨਾਨਕ ਰਵਿ ਰਹਿਆ ॥੩॥੪੫੮॥

(ਜਹ=ਜਿੱਥੇ, ਦੇਖਉ=ਮੈਂ ਵੇਖਦਾ ਹਾਂ, ਤਹ=ਉੱਥੇ, ਸੰਗਿ=ਨਾਲ,
ਰਵਿ ਰਹਿਆ=ਵੱਸ ਰਿਹਾ ਹੈ, ਘਟ=ਸਰੀਰ, ਵਿਰਲੈ ਕਿਨੈ=ਕਿਸੇ
ਵਿਰਲੇ ਮਨੁੱਖ ਨੇ, ਲਹਿਆ=ਲੱਭਾ,ਸਮਝਿਆ ਹੈ, ਮਹੀਅਲਿ=ਮਹੀ
ਤਲਿ,ਧਰਤੀ ਦੇ ਤਲੇ ਉਤੇ,ਪੁਲਾੜ ਵਿਚ, ਕੀਟ=ਕੀੜਾ, ਹਸਤਿ=
ਹਾਥੀ, ਸਮਾਨਿਆ=ਇਕੋ ਜਿਹਾ, ਆਦਿ=ਜਗਤ-ਰਚਨਾ ਦੇ ਸ਼ੁਰੂ
ਵਿਚ, ਅੰਤੇ=ਅਖ਼ੀਰ ਵਿਚ, ਮਧਿ=ਵਿਚਕਾਰ,ਹੁਣ, ਪ੍ਰਸਾਦੀ=
ਕਿਰਪਾ ਨਾਲ, ਲੀਲਾ=ਖੇਡ, ਨਿਧਿ=ਖ਼ਜ਼ਾਨਾ, ਜਨਿ=ਜਨ ਨੇ,
ਕਿਸੇ ਵਿਰਲੇ ਸੇਵਕ ਨੇ, ਕਹਿਆ=ਸਿਮਰਿਆ, ਅੰਤਰਜਾਮੀ=
ਦਿਲ ਦੀ ਜਾਣਨ ਵਾਲਾ)

31. ਭਿੰਨੀ ਰੈਨੜੀਐ ਚਾਮਕਨਿ ਤਾਰੇ

ਭਿੰਨੀ ਰੈਨੜੀਐ ਚਾਮਕਨਿ ਤਾਰੇ ॥
ਜਾਗਹਿ ਸੰਤ ਜਨਾ ਮੇਰੇ ਰਾਮ ਪਿਆਰੇ ॥
ਰਾਮ ਪਿਆਰੇ ਸਦਾ ਜਾਗਹਿ ਨਾਮੁ ਸਿਮਰਹਿ ਅਨਦਿਨੋ ॥
ਚਰਣ ਕਮਲ ਧਿਆਨੁ ਹਿਰਦੈ ਪ੍ਰਭ ਬਿਸਰੁ ਨਾਹੀ ਇਕੁ ਖਿਨੋ ॥
ਤਜਿ ਮਾਨੁ ਮੋਹੁ ਬਿਕਾਰੁ ਮਨ ਕਾ ਕਲਮਲਾ ਦੁਖ ਜਾਰੇ ॥
ਬਿਨਵੰਤਿ ਨਾਨਕ ਸਦਾ ਜਾਗਹਿ ਹਰਿ ਦਾਸ ਸੰਤ ਪਿਆਰੇ ॥੧॥੪੫੯॥

(ਭਿੰਨੀ=ਤ੍ਰੇਲ-ਭਿੱਜੀ, ਰੈਨੜੀਐ=ਸੋਹਣੀ ਰਾਤ ਵਿਚ,
ਚਾਮਕਨਿ=ਚਮਕਦੇ ਹਨ, ਜਾਗਹਿ=ਜਾਗਦੇ ਹਨ,
ਅਨਦਿਨੋ=ਹਰ ਰੋਜ਼, ਖਿਨੋ=ਖਿਨੁ,ਰਤਾ ਭਰ ਭੀ,
ਤਜਿ=ਤਿਆਗ ਕੇ, ਕਲਮਲਾ=ਪਾਪ, ਜਾਰੇ=ਸਾੜ ਲਏ)

32. ਮੇਰੀ ਸੇਜੜੀਐ ਆਡੰਬਰੁ ਬਣਿਆ

ਮੇਰੀ ਸੇਜੜੀਐ ਆਡੰਬਰੁ ਬਣਿਆ ॥
ਮਨਿ ਅਨਦੁ ਭਇਆ ਪ੍ਰਭੁ ਆਵਤ ਸੁਣਿਆ ॥
ਪ੍ਰਭ ਮਿਲੇ ਸੁਆਮੀ ਸੁਖਹ ਗਾਮੀ ਚਾਵ ਮੰਗਲ ਰਸ ਭਰੇ ॥
ਅੰਗ ਸੰਗਿ ਲਾਗੇ ਦੂਖ ਭਾਗੇ ਪ੍ਰਾਣ ਮਨ ਤਨ ਸਭਿ ਹਰੇ ॥
ਮਨ ਇਛ ਪਾਈ ਪ੍ਰਭ ਧਿਆਈ ਸੰਜੋਗੁ ਸਾਹਾ ਸੁਭ ਗਣਿਆ ॥
ਬਿਨਵੰਤਿ ਨਾਨਕ ਮਿਲੇ ਸ੍ਰੀਧਰ ਸਗਲ ਆਨੰਦ ਰਸੁ ਬਣਿਆ ॥੨॥੪੫੯॥

(ਸੇਜੜੀਐ=ਹਿਰਦੇ ਦੀ ਸੋਹਣੀ ਸੇਜ ਉੱਤੇ, ਆਡੰਬਰੁ=
ਸਜਾਵਟ, ਆਵਤ=ਆਉਂਦਾ, ਸੁਖਹਗਾਮੀ=ਸੁਖ ਅਪੜਾਣ
ਵਾਲੇ, ਚਾਵ=ਚਾਉ, ਮੰਗਲ=ਖ਼ੁਸ਼ੀਆਂ, ਸੰਗਿ=ਨਾਲ, ਹਰੇ=
ਹਰਿਆਵਲ-ਭਰੇ,ਆਤਮਕ ਜੀਵਨ ਵਾਲੇ, ਸੰਜੋਗੁ=ਮਿਲਾਪ,
ਸਾਹਾ=ਵਿਆਹ ਦਾ ਮੁਹੂਰਤ, ਸੁਭ=ਭਲਾ, ਗਣਿਆ=ਗਿਣਿਆ,
ਸ੍ਰੀਧਰ=(ਸ੍ਰੀ=ਲੱਛਮੀ,ਲੱਛਮੀ ਦਾ ਸਹਾਰਾ) ਪਰਮਾਤਮਾ)

33. ਪੇਖੁ ਹਰਿਚੰਦਉਰੜੀ

ਪੇਖੁ ਹਰਿਚੰਦਉਰੜੀ ਅਸਥਿਰੁ ਕਿਛੁ ਨਾਹੀ ॥
ਮਾਇਆ ਰੰਗ ਜੇਤੇ ਸੇ ਸੰਗਿ ਨ ਜਾਹੀ ॥
ਹਰਿ ਸੰਗਿ ਸਾਥੀ ਸਦਾ ਤੇਰੈ ਦਿਨਸੁ ਰੈਣਿ ਸਮਾਲੀਐ ॥
ਹਰਿ ਏਕ ਬਿਨੁ ਕਛੁ ਅਵਰੁ ਨਾਹੀ ਭਾਉ ਦੁਤੀਆ ਜਾਲੀਐ ॥
ਮੀਤੁ ਜੋਬਨੁ ਮਾਲੁ ਸਰਬਸੁ ਪ੍ਰਭੁ ਏਕੁ ਕਰਿ ਮਨ ਮਾਹੀ ॥
ਬਿਨਵੰਤਿ ਨਾਨਕੁ ਵਡਭਾਗਿ ਪਾਈਐ ਸੂਖਿ ਸਹਜਿ ਸਮਾਹੀ ॥੪॥੪॥੧੩॥੪੬੧॥

(ਪੇਖੁ=ਵੇਖ, ਹਰਿਚੰਦਉਰੜੀ=ਗੰਧਰਬ-ਨਗਰੀ,ਆਕਾਸ਼
ਵਿਚ ਖ਼ਿਆਲੀ ਨਗਰੀ, ਅਸਥਿਰੁ=ਸਦਾ ਕਾਇਮ ਰਹਿਣ
ਵਾਲਾ, ਜੇਤੇ=ਜਿਤਨੇ ਭੀ ਹਨ, ਸੰਗਿ=ਨਾਲ, ਸੇ=ਉਹ,
ਨ ਜਾਹੀ=ਨਹੀਂ ਜਾਂਦੇ, ਰੈਣਿ=ਰਾਤ, ਸਮਾਲੀਐ=ਹਿਰਦੇ
ਵਿਚ ਸਾਂਭ ਰੱਖਣਾ ਚਾਹੀਦਾ ਹੈ, ਅਵਰੁ=ਹੋਰ, ਭਾਉ=
ਪਿਆਰ, ਦੁਤੀਆ=ਦੂਜਾ, ਜਾਲੀਐ=ਸਾੜ ਦੇਣਾ ਚਾਹੀਦਾ
ਹੈ, ਮੀਤੁ=ਮਿੱਤਰ, ਸਰਬਸੁ=ਆਪਣਾ ਸਭ ਕੁਝ, ਕਰਿ=
ਬਣਾ,ਮਿਥ, ਮਾਹੀ=ਮਾਹਿ,ਵਿਚ, ਸੂਖਿ=ਸੁਖ ਵਿਚ,
ਸਹਜਿ=ਆਤਮਕ ਅਡੋਲਤਾ ਵਿਚ, ਸਮਾਹੀ=ਲੀਨ
ਰਹਿੰਦੇ ਹਨ)

34. ਕਮਲਾ ਭ੍ਰਮ ਭੀਤਿ ਕਮਲਾ ਭ੍ਰਮ ਭੀਤਿ

ਕਮਲਾ ਭ੍ਰਮ ਭੀਤਿ ਕਮਲਾ ਭ੍ਰਮ ਭੀਤਿ ਹੇ ਤੀਖਣ ਮਦ ਬਿਪਰੀਤਿ ਹੇ ਅਵਧ ਅਕਾਰਥ ਜਾਤ ॥
ਗਹਬਰ ਬਨ ਘੋਰ ਗਹਬਰ ਬਨ ਘੋਰ ਹੇ ਗ੍ਰਿਹ ਮੂਸਤ ਮਨ ਚੋਰ ਹੇ ਦਿਨਕਰੋ ਅਨਦਿਨੁ ਖਾਤ ॥
ਦਿਨ ਖਾਤ ਜਾਤ ਬਿਹਾਤ ਪ੍ਰਭ ਬਿਨੁ ਮਿਲਹੁ ਪ੍ਰਭ ਕਰੁਣਾ ਪਤੇ ॥
ਜਨਮ ਮਰਣ ਅਨੇਕ ਬੀਤੇ ਪ੍ਰਿਅ ਸੰਗ ਬਿਨੁ ਕਛੁ ਨਹ ਗਤੇ ॥
ਕੁਲ ਰੂਪ ਧੂਪ ਗਿਆਨਹੀਨੀ ਤੁਝ ਬਿਨਾ ਮੋਹਿ ਕਵਨ ਮਾਤ ॥
ਕਰ ਜੋੜਿ ਨਾਨਕੁ ਸਰਣਿ ਆਇਓ ਪ੍ਰਿਅ ਨਾਥ ਨਰਹਰ ਕਰਹੁ ਗਾਤ ॥੧॥੪੬੧॥

(ਕਮਲਾ=ਲੱਛਮੀ,ਮਾਇਆ, ਭ੍ਰਮ ਭੀਤਿ=ਭਰਮ ਦੀ ਕੰਧ,
ਭ੍ਰਮ=ਭਟਕਣਾ, ਹੇ=ਹੈ, ਤੀਖਣ=ਤੇਜ਼, ਮਦ=ਨਸ਼ਾ, ਬਿਪਰੀਤਿ=
ਉਲਟੇ ਪਾਸੇ ਲੈ ਜਾਣ ਵਾਲੀ, ਅਵਧ=ਉਮਰ, ਅਕਾਰਥ=
ਵਿਅਰਥ, ਗਹਬਰ=ਸੰਘਣਾ, ਬਨ=ਜੰਗਲ, ਘੋਰ=ਭਿਆਨਕ,
ਮੂਸਤ=ਚੁਰਾ ਰਿਹਾ ਹੈ,ਲੁੱਟ ਰਿਹਾ ਹੈ, ਦਿਨਕਰੋ=ਦਿਨਕਰੁ,
ਸੂਰਜ, ਅਨਦਿਨੁ=ਹਰ ਰੋਜ਼,ਹਰ ਵੇਲੇ, ਖਾਤ=ਉਮਰ ਨੂੰ ਖਾ
ਰਿਹਾ ਹੈ, ਕਰੁਣਾਪਤੇ=ਹੇ ਤਰਸ-ਸਰੂਪ ਪ੍ਰਭੂ, ਕਰੁਣਾ=ਤਰਸ,
ਗਤੇ=ਆਤਮਕ ਹਾਲਤ, ਧੂਪ=ਸੁਗੰਧੀ, ਮਾਤ=ਮਾਂ,ਰਾਖਾ, ਕਰ=
ਹੱਥ, ਪ੍ਰਿਅ=ਹੇ ਪਿਆਰੇ, ਨਰਹਰ=ਹੇ ਪ੍ਰਭੂ, ਗਾਤ=ਗਤਿ,
ਉੱਚੀ ਆਤਮਕ ਅਵਸਥਾ)

35. ਮੀਨਾ ਜਲਹੀਨ ਮੀਨਾ ਜਲਹੀਨ

ਮੀਨਾ ਜਲਹੀਨ ਮੀਨਾ ਜਲਹੀਨ ਹੇ ਓਹੁ ਬਿਛੁਰਤ ਮਨ ਤਨ ਖੀਨ ਹੇ ਕਤ ਜੀਵਨੁ ਪ੍ਰਿਅ ਬਿਨੁ ਹੋਤ ॥
ਸਨਮੁਖ ਸਹਿ ਬਾਨ ਸਨਮੁਖ ਸਹਿ ਬਾਨ ਹੇ ਮ੍ਰਿਗ ਅਰਪੇ ਮਨ ਤਨ ਪ੍ਰਾਨ ਹੇ ਓਹੁ ਬੇਧਿਓ ਸਹਜ ਸਰੋਤ ॥
ਪ੍ਰਿਅ ਪ੍ਰੀਤਿ ਲਾਗੀ ਮਿਲੁ ਬੈਰਾਗੀ ਖਿਨੁ ਰਹਨੁ ਧ੍ਰਿਗੁ ਤਨੁ ਤਿਸੁ ਬਿਨਾ ॥
ਪਲਕਾ ਨ ਲਾਗੈ ਪ੍ਰਿਅ ਪ੍ਰੇਮ ਪਾਗੈ ਚਿਤਵੰਤਿ ਅਨਦਿਨੁ ਪ੍ਰਭ ਮਨਾ ॥
ਸ੍ਰੀਰੰਗ ਰਾਤੇ ਨਾਮ ਮਾਤੇ ਭੈ ਭਰਮ ਦੁਤੀਆ ਸਗਲ ਖੋਤ ॥
ਕਰਿ ਮਇਆ ਦਇਆ ਦਇਆਲ ਪੂਰਨ ਹਰਿ ਪ੍ਰੇਮ ਨਾਨਕ ਮਗਨ ਹੋਤ ॥੨॥੪੬੨॥

(ਮੀਨਾ=ਮੱਛੀ, ਜਲ ਹੀਨ=ਪਾਣੀ ਤੋਂ ਬਿਨਾ, ਖੀਨ=ਕਮਜ਼ੋਰ,ਲਿੱਸਾ,
ਕਤ=ਕਿਵੇਂ, ਪ੍ਰਿਅ ਬਿਨੁ=ਪਿਆਰੇ ਤੋਂ ਬਿਨਾ, ਸਨਮੁਖ=ਸਾਹਮਣੇ,
ਮੂੰਹ ਉਤੇ, ਸਹਿ=ਸਹਾਰਦਾ ਹੈ, ਬਾਨ=ਤੀਰ, ਮ੍ਰਿਗ=ਹਰਨ, ਅਰਪੇ=
ਭੇਟਾ ਕਰ ਦੇਂਦਾ ਹੈ, ਪ੍ਰਾਨ=ਜਿੰਦ, ਬੇਧਿਓ=ਵਿੰਨ੍ਹਿਆ ਜਾਂਦਾ ਹੈ, ਸਹਜ
ਸਰੋਤ=ਆਤਮਕ ਅਡੋਲਤਾ ਦੇਣ ਵਾਲੇ ਨਾਦ ਨੂੰ ਸੁਣ ਕੇ, ਬੈਰਾਗੀ=
ਉਦਾਸ-ਚਿੱਤ, ਧ੍ਰਿਗੁ=ਫਿਟਕਾਰ-ਜੋਗ, ਤਨੁ=ਸਰੀਰ, ਪਲਕਾ ਨ ਲਾਗੈ=
ਨੀਂਦ ਨਹੀਂ ਆਉਂਦੀ, ਪਾਗੈ=ਚਰਨ, ਅਨਦਿਨੁ=ਹਰ ਵੇਲੇ, ਸ੍ਰੀ ਰੰਗ=
ਲੱਛਮੀ ਦਾ ਪਤੀ,ਪਰਮਾਤਮਾ, ਸ੍ਰੀ=ਲੱਛਮੀ, ਮਾਤੇ=ਮਸਤ, ਭੈ=ਸਾਰੇ ਡਰ,
ਭਰਮ ਦੁਤੀਆ=ਮਾਇਆ ਪਿੱਛੇ ਭਟਕਣਾ, ਮਇਆ=ਤਰਸ, ਪੂਰਨ=ਹੇ
ਸਰਬ-ਵਿਆਪਕ)

36. ਅਲੀਅਲ ਗੁੰਜਾਤ ਅਲੀਅਲ ਗੁੰਜਾਤ

ਅਲੀਅਲ ਗੁੰਜਾਤ ਅਲੀਅਲ ਗੁੰਜਾਤ ਹੇ ਮਕਰੰਦ ਰਸ ਬਾਸਨ ਮਾਤ ਹੇ ਪ੍ਰੀਤਿ ਕਮਲ ਬੰਧਾਵਤ ਆਪ ॥
ਚਾਤ੍ਰਿਕ ਚਿਤ ਪਿਆਸ ਚਾਤ੍ਰਿਕ ਚਿਤ ਪਿਆਸ ਹੇ ਘਨ ਬੂੰਦ ਬਚਿਤ੍ਰਿ ਮਨਿ ਆਸ ਹੇ ਅਲ ਪੀਵਤ ਬਿਨਸਤ ਤਾਪ ॥
ਤਾਪਾ ਬਿਨਾਸਨ ਦੂਖ ਨਾਸਨ ਮਿਲੁ ਪ੍ਰੇਮੁ ਮਨਿ ਤਨਿ ਅਤਿ ਘਨਾ ॥
ਸੁੰਦਰੁ ਚਤੁਰੁ ਸੁਜਾਨ ਸੁਆਮੀ ਕਵਨ ਰਸਨਾ ਗੁਣ ਭਨਾ ॥
ਗਹਿ ਭੁਜਾ ਲੇਵਹੁ ਨਾਮੁ ਦੇਵਹੁ ਦ੍ਰਿਸਟਿ ਧਾਰਤ ਮਿਟਤ ਪਾਪ ॥
ਨਾਨਕੁ ਜੰਪੈ ਪਤਿਤ ਪਾਵਨ ਹਰਿ ਦਰਸੁ ਪੇਖਤ ਨਹ ਸੰਤਾਪ ॥੩॥੪੬੨॥

(ਅਲਿ=ਭੌਰਾ, ਅਲੀਅਲ=ਅਲਿਕੁਲ,ਭੌਰੇ, ਗੁੰਜਾਤ=ਗੁੰਜਾਰ ਪਾਂਦੇ,
ਮਕਰੰਦ=ਫੁੱਲ ਦੀ ਵਿਚਲੀ ਧੂੜੀ, ਬਾਸਨ=ਸੁਗੰਧੀ, ਮਾਤ=ਮਸਤ,
ਆਪ=ਆਪਣੇ ਆਪ ਨੂੰ, ਚਾਤ੍ਰਿਕ=ਪਪੀਹਾ, ਘਨ=ਬੂੰਦ, ਬਚਿਤ੍ਰਿ=
ਸੁੰਦਰ,ਸੋਹਣੀ, ਆਸ=ਤਾਂਘ, ਅਲ=ਅਲਿ,ਮਸਤ ਕਰ ਦੇਣ ਵਾਲਾ
ਰਸ, ਤਾਪ=ਦੁੱਖ-ਕਲੇਸ਼, ਤਨਿ=ਤਨ ਵਿਚ,ਹਿਰਦੇ ਵਿਚ, ਘਨਾ=
ਬਹੁਤ, ਸੁਜਾਨ=ਸਿਆਣਾ, ਰਸਨਾ=ਜੀਭ ਨਾਲ, ਭਨਾ=ਭਨਾਂ,ਮੈਂ
ਉਚਾਰਾਂ, ਗਹਿ=ਫੜ ਕੇ, ਦ੍ਰਿਸਟਿ=ਨਜ਼ਰ, ਜੰਪੈ=ਬੇਨਤੀ ਕਰਦਾ
ਹੈ, ਪਤਿਤ ਪਾਵਨ=ਹੇ ਪਤਿਤਾਂ ਨੂੰ ਪਵਿਤ੍ਰ ਕਰਨ ਵਾਲੇ)

37. ਚਿਤਵਉ ਚਿਤ ਨਾਥ

ਚਿਤਵਉ ਚਿਤ ਨਾਥ ਚਿਤਵਉ ਚਿਤ ਨਾਥ ਹੇ ਰਖਿ ਲੇਵਹੁ ਸਰਣਿ ਅਨਾਥ ਹੇ ਮਿਲੁ ਚਾਉ ਚਾਈਲੇ ਪ੍ਰਾਨ ॥
ਸੁੰਦਰ ਤਨ ਧਿਆਨ ਸੁੰਦਰ ਤਨ ਧਿਆਨ ਹੇ ਮਨੁ ਲੁਬਧ ਗੋਪਾਲ ਗਿਆਨ ਹੇ ਜਾਚਿਕ ਜਨ ਰਾਖਤ ਮਾਨ ॥
ਪ੍ਰਭ ਮਾਨ ਪੂਰਨ ਦੁਖ ਬਿਦੀਰਨ ਸਗਲ ਇਛ ਪੁਜੰਤੀਆ ॥
ਹਰਿ ਕੰਠਿ ਲਾਗੇ ਦਿਨ ਸਭਾਗੇ ਮਿਲਿ ਨਾਹ ਸੇਜ ਸੋਹੰਤੀਆ ॥
ਪ੍ਰਭ ਦ੍ਰਿਸਟਿ ਧਾਰੀ ਮਿਲੇ ਮੁਰਾਰੀ ਸਗਲ ਕਲਮਲ ਭਏ ਹਾਨ ॥
ਬਿਨਵੰਤਿ ਨਾਨਕ ਮੇਰੀ ਆਸ ਪੂਰਨ ਮਿਲੇ ਸ੍ਰੀਧਰ ਗੁਣ ਨਿਧਾਨ ॥੪॥੧॥੧੪॥੪੬੨॥

(ਚਿਤਵਉ=ਮੈਂ ਚਿਤਵਦਾ ਹਾਂ, ਅਨਾਥ=ਮੈਨੂੰ ਅਨਾਥ ਨੂੰ,
ਚਾਈਲੇ=ਚਾਉ-ਭਰੇ, ਲੁਬਧ=ਲਾਲਚੀ, ਜਾਚਿਕ=ਮੰਗਤੇ,
ਮਾਨ=ਆਦਰ, ਬਿਦੀਰਨ=ਨਾਸ ਕਰਨ ਵਾਲਾ, ਕੰਠਿ=ਗਲ
ਨਾਲ, ਸਭਾਗੇ=ਭਾਗਾਂ ਵਾਲੇ, ਨਾਹ=ਨਾਥ,ਖਸਮ, ਕਲਮਲ=
ਪਾਪ, ਸ੍ਰੀਧਰ=ਲੱਛਮੀ-ਪਤੀ, ਨਿਧਾਨ=ਖ਼ਜ਼ਾਨਾ)

38. ਅਨ ਕਾਏ ਰਾਤੜਿਆ

ਅਨ ਕਾਏ ਰਾਤੜਿਆ ਵਾਟ ਦੁਹੇਲੀ ਰਾਮ ॥
ਪਾਪ ਕਮਾਵਦਿਆ ਤੇਰਾ ਕੋਇ ਨ ਬੇਲੀ ਰਾਮ ॥
ਕੋਏ ਨ ਬੇਲੀ ਹੋਇ ਤੇਰਾ ਸਦਾ ਪਛੋਤਾਵਹੇ ॥
ਗੁਨ ਗੁਪਾਲ ਨ ਜਪਹਿ ਰਸਨਾ ਫਿਰਿ ਕਦਹੁ ਸੇ ਦਿਹ ਆਵਹੇ ॥
ਤਰਵਰ ਵਿਛੁੰਨੇ ਨਹ ਪਾਤ ਜੁੜਤੇ ਜਮ ਮਗਿ ਗਉਨੁ ਇਕੇਲੀ ॥
ਬਿਨਵੰਤ ਨਾਨਕ ਬਿਨੁ ਨਾਮ ਹਰਿ ਕੇ ਸਦਾ ਫਿਰਤ ਦੁਹੇਲੀ ॥੧॥੫੪੬॥

(ਅਨਕਾਏ=ਤੁੱਛ ਪਦਾਰਥਾਂ ਵਿਚ, ਰਾਤੜਿਆ=ਹੇ ਰੱਤੇ ਹੋਏ,
ਵਾਟ=ਜੀਵਨ ਦਾ ਰਸਤਾ, ਦੁਹੇਲੀ=ਦੁੱਖਾਂ ਭਰੀ, ਕਮਾਵਦਿਆ=
ਹੇ ਕਮਾਣ ਵਾਲੇ, ਬੇਲੀ=ਸਾਥੀ, ਪਛੋਤਾਵਹੇ=ਤੂੰ ਪਛੁਤਾਂਦਾ ਰਹੇਂਗਾ,
ਨ ਜਪਹਿ=ਤੂੰ ਨਹੀਂ ਜਪਦਾ, ਰਸਨਾ=ਜੀਭ ਨਾਲ, ਸੇ ਦਿਹ=ਇਹ
ਦਿਨ, ਆਵਹੇ=ਆਵਣਗੇ, ਪਾਤ=ਪੱਤਰ, ਤਰਵਰ=ਰੁੱਖ, ਮਗਿ=
ਰਸਤੇ ਉਤੇ, ਗਉਨੁ=ਗਮਨ,ਤੋਰ)

39. ਤੂ ਸਮਰਥੁ ਵਡਾ

ਤੂ ਸਮਰਥੁ ਵਡਾ ਮੇਰੀ ਮਤਿ ਥੋਰੀ ਰਾਮ ॥
ਪਾਲਹਿ ਅਕਿਰਤਘਨਾ ਪੂਰਨ ਦ੍ਰਿਸਟਿ ਤੇਰੀ ਰਾਮ ॥
ਅਗਾਧਿ ਬੋਧਿ ਅਪਾਰ ਕਰਤੇ ਮੋਹਿ ਨੀਚੁ ਕਛੂ ਨ ਜਾਨਾ ॥
ਰਤਨੁ ਤਿਆਗਿ ਸੰਗ੍ਰਹਨ ਕਉਡੀ ਪਸੂ ਨੀਚੁ ਇਆਨਾ ॥
ਤਿਆਗਿ ਚਲਤੀ ਮਹਾ ਚੰਚਲਿ ਦੋਖ ਕਰਿ ਕਰਿ ਜੋਰੀ ॥
ਨਾਨਕ ਸਰਨਿ ਸਮਰਥ ਸੁਆਮੀ ਪੈਜ ਰਾਖਹੁ ਮੋਰੀ ॥੩॥੫੪੭॥

(ਪਾਲਹਿ=ਤੂੰ ਪਾਲਦਾ ਹੈਂ, ਅਕਿਰਤਘਨ=ਕੀਤੀ ਭਲਾਈ
ਨੂੰ ਭੁਲਾ ਦੇਣ ਵਾਲੇ,ਨਾ-ਸ਼ੁਕਰੇ, ਪੂਰਨ=ਸਦਾ ਇਕ-ਸਾਰ,
ਦ੍ਰਿਸਟਿ=ਨਿਗਾਹ, ਅਗਾਧਿ ਬੋਧਿ=ਮਨੁੱਖੀ ਸਮਝ ਤੋਂ ਪਰੇ
ਅਥਾਹ, ਕਰਤੇ=ਹੇ ਕਰਤਾਰ, ਮੋਹਿ=ਮੈਂ, ਸੰਗ੍ਰਹਨ=ਇਕੱਠੀਆਂ
ਕਰਨਾ, ਚੰਚਲਿ=ਚੁਲਬੁਲੇ ਮਨ ਵਾਲੀ, ਦੋਖ=ਪਾਪ, ਜੋਰੀ=ਜੋੜੀ,
ਪੈਜ=ਲਾਜ,ਇੱਜ਼ਤ, ਮੋਰੀ=ਮੇਰੀ)

40. ਮਿਲਿ ਜਲੁ ਜਲਹਿ ਖਟਾਨਾ ਰਾਮ

ਮਿਲਿ ਜਲੁ ਜਲਹਿ ਖਟਾਨਾ ਰਾਮ ॥
ਸੰਗਿ ਜੋਤੀ ਜੋਤਿ ਮਿਲਾਨਾ ਰਾਮ ॥
ਸੰਮਾਇ ਪੂਰਨ ਪੁਰਖ ਕਰਤੇ ਆਪਿ ਆਪਹਿ ਜਾਣੀਐ ॥
ਤਹ ਸੁੰਨਿ ਸਹਜਿ ਸਮਾਧਿ ਲਾਗੀ ਏਕੁ ਏਕੁ ਵਖਾਣੀਐ ॥
ਆਪਿ ਗੁਪਤਾ ਆਪਿ ਮੁਕਤਾ ਆਪਿ ਆਪੁ ਵਖਾਨਾ ॥
ਨਾਨਕ ਭ੍ਰਮ ਭੈ ਗੁਣ ਬਿਨਾਸੇ ਮਿਲਿ ਜਲੁ ਜਲਹਿ ਖਟਾਨਾ ॥੪॥੨॥੫੭੮॥

(ਮਿਲਿ=ਮਿਲ ਕੇ, ਜਲਹਿ=ਜਲ ਵਿਚ, ਖਟਾਨਾ=ਇੱਕ-ਰੂਪ
ਹੋ ਜਾਂਦਾ ਹੈ, ਸੰਗਿ=ਨਾਲ, ਜੋਤੀ=ਪਰਮਾਤਮਾ, ਜੋਤਿ=ਜੀਵ
ਦੀ ਆਤਮਾ, ਸੰਮਾਇ=ਸਮਾ ਲਏ ਹਨ, ਕਰਤੇ=ਕਰਤਾਰ ਨੇ,
ਤਹ=ਉਥੇ, ਸੁੰਨਿ=ਵਿਕਾਰਾਂ ਵਲੋਂ ਸੁੰਞ, ਸਹਜਿ=ਆਤਮਕ
ਅਡੋਲਤਾ ਵਿਚ, ਵਖਾਣੀਐ=ਵਖਾਣਿਆ ਜਾਂਦਾ ਹੈ, ਗੁਪਤਾ=
ਲੁਕਿਆ ਹੋਇਆ, ਮੁਕਤਾ=ਮਾਇਆ ਦੇ ਮੋਹ ਤੋਂ ਰਹਿਤ,
ਗੁਣ=ਮਾਇਆ ਦੇ ਤਿੰਨ ਗੁਣ)

41. ਸੁਣਿ ਯਾਰ ਹਮਾਰੇ ਸਜਣ

ਸੁਣਿ ਯਾਰ ਹਮਾਰੇ ਸਜਣ ਇਕ ਕਰਉ ਬੇਨੰਤੀਆ ॥
ਤਿਸੁ ਮੋਹਨ ਲਾਲ ਪਿਆਰੇ ਹਉ ਫਿਰਉ ਖੋਜੰਤੀਆ ॥
ਤਿਸੁ ਦਸਿ ਪਿਆਰੇ ਸਿਰੁ ਧਰੀ ਉਤਾਰੇ ਇਕ ਭੋਰੀ ਦਰਸਨੁ ਦੀਜੈ ॥
ਨੈਨ ਹਮਾਰੇ ਪ੍ਰਿਅ ਰੰਗ ਰੰਗਾਰੇ ਇਕੁ ਤਿਲੁ ਭੀ ਨਾ ਧੀਰੀਜੈ ॥
ਪ੍ਰਭ ਸਿਉ ਮਨੁ ਲੀਨਾ ਜਿਉ ਜਲ ਮੀਨਾ ਚਾਤ੍ਰਿਕ ਜਿਵੈ ਤਿਸੰਤੀਆ ॥
ਜਨ ਨਾਨਕ ਗੁਰੁ ਪੂਰਾ ਪਾਇਆ ਸਗਲੀ ਤਿਖਾ ਬੁਝੰਤੀਆ ॥੧॥੭੦੩॥

(ਕਰਉ=ਕਰਉਂ,ਮੈਂ ਕਰਦੀ ਹਾਂ, ਹਉ ਫਿਰਉ=ਮੈਂ ਫਿਰਦੀ ਹਾਂ,
ਤਿਸੁ ਦਸਿ=ਉਸ ਦੀ ਦੱਸ ਪਾ, ਧਰੀ=ਧਰੀਂ,ਮੈਂ ਧਰਾਂ, ਉਤਾਰੇ=
ਉਤਾਰਿ,ਲਾਹ ਕੇ, ਇਕ ਭੋਰੀ=ਰਤਾ ਭਰ ਹੀ, ਦੀਜੈ=ਦੇਹ, ਨੈਨ=
ਅੱਖਾਂ, ਪ੍ਰਿਅ ਰੰਗ=ਪਿਆਰੇ ਦੇ ਪ੍ਰੇਮ-ਰੰਗ, ਨਾ ਧੀਰੀਜੈ=ਧੀਰਜ
ਨਹੀਂ ਕਰਦਾ, ਸਿਉ=ਨਾਲ, ਲੀਨਾ=ਮਸਤ, ਜਲ ਮੀਨਾ=ਪਾਣੀ
ਦੀ ਮੱਛੀ, ਚਾਤ੍ਰਿਕ=ਪਪੀਹਾ, ਤਿਸੰਤੀਆ=ਤਿਹਾਇਆ, ਤਿਖਾ=
ਤ੍ਰੇਹ,ਪਿਆਸ)

42. ਜੋਬਨੁ ਗਇਆ ਬਿਤੀਤਿ

ਜੋਬਨੁ ਗਇਆ ਬਿਤੀਤਿ ਜਰੁ ਮਲਿ ਬੈਠੀਆ ॥
ਕਰ ਕੰਪਹਿ ਸਿਰੁ ਡੋਲ ਨੈਣ ਨ ਡੀਠਿਆ ॥
ਨਹ ਨੈਣ ਦੀਸੈ ਬਿਨੁ ਭਜਨ ਈਸੈ ਛੋਡਿ ਮਾਇਆ ਚਾਲਿਆ ॥
ਕਹਿਆ ਨ ਮਾਨਹਿ ਸਿਰਿ ਖਾਕੁ ਛਾਨਹਿ ਜਿਨ ਸੰਗਿ ਮਨੁ ਤਨੁ ਜਾਲਿਆ ॥
ਸ੍ਰੀਰਾਮ ਰੰਗ ਅਪਾਰ ਪੂਰਨ ਨਹ ਨਿਮਖ ਮਨ ਮਹਿ ਵੂਠਿਆ ॥
ਬਿਨਵੰਤਿ ਨਾਨਕ ਕੋਟਿ ਕਾਗਰ ਬਿਨਸ ਬਾਰ ਨ ਝੂਠਿਆ ॥੩॥੭੦੫॥

(ਜੋਬਨੁ=ਜਵਾਨੀ, ਕਰ=ਦੋਵੇਂ ਹੱਥ, ਕੰਪਹਿ=ਕੰਬਦੇ ਹਨ, ਡੋਲ=ਝੋਲਾ,
ਦੀਸੈ=ਦਿੱਸਦਾ, ਈਸ=ਈਸ਼ਵਰ, ਨ ਮਾਨਹਿ=ਨਹੀਂ ਮੰਨਦੇ, ਸਿਰਿ=
ਸਿਰ ਉੱਤੇ, ਸੰਗਿ=ਨਾਲ, ਚਾਲਿਆ=ਸਾੜ ਦਿੱਤਾ, ਰੰਗ=ਪਿਆਰ,
ਵੂਠਿਆ=ਵੱਸਿਆ, ਕੋਟਿ=ਕ੍ਰੋੜਾਂ, ਬਾਰ=ਦੇਰ, ਝੂਠਿਆ=ਨਾਸਵੰਤ,
ਨਿਮਖ=ਅੱਖ ਝਮਕਣ ਜਿੰਨਾ ਸਮਾਂ)

43. ਹਰਿ ਚਰਣ ਕਮਲ ਕੀ ਟੇਕ

ਹਰਿ ਚਰਣ ਕਮਲ ਕੀ ਟੇਕ ਸਤਿਗੁਰਿ ਦਿਤੀ ਤੁਸਿ ਕੈ ਬਲਿ ਰਾਮ ਜੀਉ ॥
ਹਰਿ ਅੰਮ੍ਰਿਤਿ ਭਰੇ ਭੰਡਾਰ ਸਭੁ ਕਿਛੁ ਹੈ ਘਰਿ ਤਿਸ ਕੈ ਬਲਿ ਰਾਮ ਜੀਉ ॥
ਬਾਬੁਲੁ ਮੇਰਾ ਵਡ ਸਮਰਥਾ ਕਰਣ ਕਾਰਣ ਪ੍ਰਭੁ ਹਾਰਾ ॥
ਜਿਸੁ ਸਿਮਰਤ ਦੁਖੁ ਕੋਈ ਨ ਲਾਗੈ ਭਉਜਲੁ ਪਾਰਿ ਉਤਾਰਾ ॥
ਆਦਿ ਜੁਗਾਦਿ ਭਗਤਨ ਕਾ ਰਾਖਾ ਉਸਤਤਿ ਕਰਿ ਕਰਿ ਜੀਵਾ ॥
ਨਾਨਕ ਨਾਮੁ ਮਹਾ ਰਸੁ ਮੀਠਾ ਅਨਦਿਨੁ ਮਨਿ ਤਨਿ ਪੀਵਾ ॥੧॥੭੭੮॥

(ਚਰਣ ਕਮਲ=ਕੌਲ ਫੁੱਲਾਂ ਵਰਗੇ ਕੋਮਲ ਚਰਨ, ਟੇਕ=ਸਹਾਰਾ,
ਤੁਸਿ ਕੈ=ਪ੍ਰਸੰਨ ਹੋ ਕੇ, ਬਲਿਰਾਮ ਜੀਉ=ਮੈਂ ਪ੍ਰਭੂ ਜੀ ਤੋਂ ਸਦਕੇ ਹਾਂ,
ਅੰਮ੍ਰਿਤਿ=ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਨਾਲ, ਭੰਡਾਰ=
ਖ਼ਜ਼ਾਨੇ, ਸਭੁ ਕਿਛੁ=ਹਰੇਕ ਪਦਾਰਥ, ਘਰਿ ਤਿਸ ਕੈ=ਉਸ ਪ੍ਰਭੂ ਦੇ
ਘਰ ਵਿਚ, ਬਾਬੁਲੁ=ਪਿਤਾ-ਪ੍ਰਭੂ, ਸਮਰਥਾ=ਤਾਕਤਾਂ ਦਾ ਮਾਲਕ,
ਕਰਣ ਕਾਰਣ ਹਾਰਾ=ਕਾਰਣ ਕਰਣਹਾਰਾ, ਸਿਮਰਤ=ਸਿਮਰਦਿਆਂ,
ਭਉਜਲੁ=ਸੰਸਾਰ-ਸਮੁੰਦਰ, ਆਦਿ=ਸ਼ੁਰੂ ਤੋਂ, ਜੁਗਾਦਿ=ਜੁਗਾਂ ਦੇ ਸ਼ੁਰੂ ਤੋਂ,
ਉਸਤਤਿ=ਵਡਿਆਈ, ਕਰਿ=ਕਰ ਕੇ, ਜੀਵਾ=ਜੀਵਾਂ,ਮੈਂ ਆਤਮਕ ਜੀਵਨ
ਹਾਸਲ ਕਰਦਾ ਹਾਂ, ਮਹਾ ਰਸੁ=ਸਭ ਰਸਾਂ ਨਾਲੋਂ ਵੱਡਾ ਰਸ, ਅਨਦਿਨੁ=
ਹਰ ਰੋਜ਼,ਹਰ ਵੇਲੇ, ਮਨਿ=ਮਨ ਨਾਲ, ਪੀਵਾ=ਪੀਵਾਂ)

44. ਤੂ ਠਾਕੁਰੋ ਬੈਰਾਗਰੋ

ਤੂ ਠਾਕੁਰੋ ਬੈਰਾਗਰੋ ਮੈ ਜੇਹੀ ਘਣ ਚੇਰੀ ਰਾਮ ॥
ਤੂੰ ਸਾਗਰੋ ਰਤਨਾਗਰੋ ਹਉ ਸਾਰ ਨ ਜਾਣਾ ਤੇਰੀ ਰਾਮ ॥
ਸਾਰ ਨ ਜਾਣਾ ਤੂ ਵਡ ਦਾਣਾ ਕਰਿ ਮਿਹਰੰਮਤਿ ਸਾਂਈ ॥
ਕਿਰਪਾ ਕੀਜੈ ਸਾ ਮਤਿ ਦੀਜੈ ਆਠ ਪਹਰ ਤੁਧੁ ਧਿਆਈ ॥
ਗਰਬੁ ਨ ਕੀਜੈ ਰੇਣ ਹੋਵੀਜੈ ਤਾ ਗਤਿ ਜੀਅਰੇ ਤੇਰੀ ॥
ਸਭ ਊਪਰਿ ਨਾਨਕ ਕਾ ਠਾਕੁਰੁ ਮੈ ਜੇਹੀ ਘਣ ਚੇਰੀ ਰਾਮ ॥੧॥੭੭੯॥

(ਠਾਕੁਰੋ=ਮਾਲਕ, ਬੈਰਾਗਰੋ=ਵਾਸਨਾ-ਰਹਿਤ, ਮੈ ਜੇਹੀ=
ਮੇਰੇ ਵਰਗੀਆਂ, ਘਣ=ਅਨੇਕਾਂ, ਚੇਰੀ=ਦਾਸੀਆਂ, ਰਤਨਾਗਰੋ=
ਰਤਨਾਕਰੁ,ਰਤਨਾਂ ਦੀ ਖਾਣ, ਹਉ=ਹਉਂ,ਮੈਂ, ਸਾਰ=ਕਦਰ,
ਦਾਣਾ=ਸਿਆਣਾ, ਮਿਹਰੰਮਤਿ=ਮਿਹਰ, ਕੀਜੈ=ਕਰ, ਦੀਜੈ=
ਦੇਹ, ਮਤਿ=ਅਕਲ, ਸਾ=ਅਜਿਹੀ, ਧਿਆਈ=ਧਿਆਈਂ,
ਗਰਬੁ=ਅਹੰਕਾਰ, ਰੇਣ=ਚਰਨ-ਧੂੜ, ਹੋਵੀਜੈ=ਹੋ ਜਾ, ਗਤਿ=
ਉੱਚੀ ਆਤਮਕ ਅਵਸਥਾ, ਜੀਅਰੇ=ਹੇ ਜੀਵ)

45. ਕਰਿ ਕਿਰਪਾ ਮੇਰੇ ਪ੍ਰੀਤਮ ਸੁਆਮੀ

ਕਰਿ ਕਿਰਪਾ ਮੇਰੇ ਪ੍ਰੀਤਮ ਸੁਆਮੀ ਨੇਤ੍ਰ ਦੇਖਹਿ ਦਰਸੁ ਤੇਰਾ ਰਾਮ ॥
ਲਾਖ ਜਿਹਵਾ ਦੇਹੁ ਮੇਰੇ ਪਿਆਰੇ ਮੁਖੁ ਹਰਿ ਆਰਾਧੇ ਮੇਰਾ ਰਾਮ ॥
ਹਰਿ ਆਰਾਧੇ ਜਮ ਪੰਥੁ ਸਾਧੇ ਦੂਖੁ ਨ ਵਿਆਪੈ ਕੋਈ ॥
ਜਲਿ ਥਲਿ ਮਹੀਅਲਿ ਪੂਰਨ ਸੁਆਮੀ ਜਤ ਦੇਖਾ ਤਤ ਸੋਈ ॥
ਭਰਮ ਮੋਹ ਬਿਕਾਰ ਨਾਠੇ ਪ੍ਰਭੁ ਨੇਰ ਹੂ ਤੇ ਨੇਰਾ ॥
ਨਾਨਕ ਕਉ ਪ੍ਰਭ ਕਿਰਪਾ ਕੀਜੈ ਨੇਤ੍ਰ ਦੇਖਹਿ ਦਰਸੁ ਤੇਰਾ ॥੧॥੭੮੦॥

(ਜਿਹਵਾ=ਜੀਭ, ਆਰਾਧੇ=ਜਪਦਾ ਰਹੇ, ਜਮ ਪੰਥੁ=ਜਮਰਾਜ
ਦਾ ਰਸਤਾ, ਸਾਧੇ=ਜਿੱਤ ਲਏ, ਨ ਵਿਆਪੈ=ਜ਼ੋਰ ਨ ਪਾ ਸਕੇ,
ਮਹੀਅਲਿ=ਮਹੀ ਤਲਿ,ਧਰਤੀ ਦੀ ਤਹ ਉਤੇ,ਪੁਲਾੜ ਵਿਚ,
ਜਤ=ਜਿੱਧਰ, ਦੇਖਾ=ਦੇਖਾਂ, ਤਤ=ਉਧਰ)

46. ਮੇਰਾ ਘਰੁ ਬਨਿਆ ਬਨੁ ਤਾਲੁ ਬਨਿਆ

ਮੇਰਾ ਘਰੁ ਬਨਿਆ ਬਨੁ ਤਾਲੁ ਬਨਿਆ ਪ੍ਰਭ ਪਰਸੇ ਹਰਿ ਰਾਇਆ ਰਾਮ ॥
ਮੇਰਾ ਮਨੁ ਸੋਹਿਆ ਮੀਤ ਸਾਜਨ ਸਰਸੇ ਗੁਣ ਮੰਗਲ ਹਰਿ ਗਾਇਆ ਰਾਮ ॥
ਗੁਣ ਗਾਇ ਪ੍ਰਭੂ ਧਿਆਇ ਸਾਚਾ ਸਗਲ ਇਛਾ ਪਾਈਆ ॥
ਗੁਰ ਚਰਣ ਲਾਗੇ ਸਦਾ ਜਾਗੇ ਮਨਿ ਵਜੀਆ ਵਾਧਾਈਆ ॥
ਕਰੀ ਨਦਰਿ ਸੁਆਮੀ ਸੁਖਹ ਗਾਮੀ ਹਲਤੁ ਪਲਤੁ ਸਵਾਰਿਆ ॥
ਬਿਨਵੰਤਿ ਨਾਨਕ ਨਿਤ ਨਾਮੁ ਜਪੀਐ ਜੀਉ ਪਿੰਡੁ ਜਿਨਿ ਧਾਰਿਆ ॥੪॥੪॥੭॥੭੮੨॥

(ਘਰੁ=ਸਰੀਰ-ਘਰ, ਬਨਿਆ=ਸੋਹਣਾ ਬਣ ਗਿਆ ਹੈ,
ਬਨੁ=ਬਾਗ਼ (ਸਰੀਰ), ਤਾਲੁ=ਹਿਰਦਾ-ਰੂਪੀ ਤਾਲਾਬ, ਪ੍ਰਭ
ਪਰਸੇ=ਜਦੋਂ ਪ੍ਰਭੂ ਦੇ ਚਰਨ ਛੋਹੇ, ਹਰਿ ਰਾਇਆ=ਪ੍ਰਭ
ਪਾਤਿਸ਼ਾਹ, ਸੋਹਿਆ=ਸੋਹਣਾ ਬਣ ਗਿਆ, ਮੀਤ ਸਾਜਨ=
ਮੇਰੇ ਮਿੱਤਰ ਸੱਜਣ, ਮੇਰੇ ਸਾਰੇ ਗਿਆਨ-ਇੰਦ੍ਰੇ, ਸਰਸੇ=
ਆਤਮਕ ਰਸ ਵਾਲੇ ਹੋ ਗਏ ਹਨ, ਮੰਗਲ=ਸਿਫ਼ਤਿ-ਸਾਲਾਹ
ਦੇ ਗੀਤ, ਗਾਇ=ਗਾ ਕੇ, ਧਿਆਇ=ਸਿਮਰ ਕੇ, ਸਗਲ=
ਸਾਰੀਆਂ, ਜਾਗੇ=ਸੁਚੇਤ ਹੋ ਗਏ, ਵਜੀਆ ਵਾਧਾਈਆ=
ਉਤਸ਼ਾਹ ਬਣਿਆ ਰਹਿਣ ਲੱਗ ਪਿਆ, ਕਰੀ=ਕੀਤੀ,
ਨਦਰਿ=ਮਿਹਰ ਦੀ ਨਿਗਾਹ, ਸੁਖਹ ਗਾਮੀ=ਸੁਖ ਅਪੜਾਣ
ਵਾਲੇ ਨੇ, ਹਲਤੁ=ਇਹ ਲੋਕ, ਪਲਤੁ=ਪਰਲੋਕ, ਜਪੀਐ=
ਜਪਣਾ ਚਾਹੀਦਾ ਹੈ, ਜਿਉ=ਜਿੰਦ, ਪਿੰਡੁ=ਸਰੀਰ, ਜਿਨਿ=
ਜਿਸ ਪਰਮਾਤਮਾ ਨੇ)

47. ਸੰਤਾ ਕੇ ਕਾਰਜਿ ਆਪਿ ਖਲੋਇਆ

ਸੰਤਾ ਕੇ ਕਾਰਜਿ ਆਪਿ ਖਲੋਇਆ ਹਰਿ ਕੰਮੁ ਕਰਾਵਣਿ ਆਇਆ ਰਾਮ ॥
ਧਰਤਿ ਸੁਹਾਵੀ ਤਾਲੁ ਸੁਹਾਵਾ ਵਿਚਿ ਅੰਮ੍ਰਿਤ ਜਲੁ ਛਾਇਆ ਰਾਮ ॥
ਅੰਮ੍ਰਿਤ ਜਲੁ ਛਾਇਆ ਪੂਰਨ ਸਾਜੁ ਕਰਾਇਆ ਸਗਲ ਮਨੋਰਥ ਪੂਰੇ ॥
ਜੈ ਜੈ ਕਾਰੁ ਭਇਆ ਜਗ ਅੰਤਰਿ ਲਾਥੇ ਸਗਲ ਵਿਸੂਰੇ ॥
ਪੂਰਨ ਪੁਰਖ ਅਚੁਤ ਅਬਿਨਾਸੀ ਜਸੁ ਵੇਦ ਪੁਰਾਣੀ ਗਾਇਆ ॥
ਅਪਨਾ ਬਿਰਦੁ ਰਖਿਆ ਪਰਮੇਸਰਿ ਨਾਨਕ ਨਾਮੁ ਧਿਆਇਆ ॥੧॥੭੮੩॥

(ਕਾਰਜਿ=ਕੰਮ ਵਿਚ, ਧਰਤਿ=ਧਰਤੀ, ਸੁਹਾਵੀ=ਸੋਹਣੀ,
ਤਾਲੁ=ਸੰਤ ਜਨਾਂ ਦਾ ਹਿਰਦਾ-ਤਾਲਾਬ, ਵਿਚਿ=ਹਿਰਦੇ-ਤਲਾਬ
ਵਿਚ, ਅੰਮ੍ਰਿਤ ਜਲੁ=ਆਤਮਕ ਜੀਵਨ ਦੇਣ ਵਾਲਾ ਨਾਮ-ਜਲ,
ਛਾਇਆ=ਛਾ ਗਿਆ, ਪੂਰਨ ਸਾਜ ਕਰਾਇਆ=ਸਾਰਾ ਉੱਦਮ
ਸਫਲ ਕਰ ਦਿੱਤਾ, ਮਨੋਰਥ=ਮੁਰਾਦਾਂ, ਜੈ ਜੈ ਕਾਰੁ=ਸੋਭਾ,
ਅੰਤਰਿ=ਅੰਦਰ, ਵਿਸੂਰੇ=ਚਿੰਤ-ਝੋਰੇ, ਅਚੁਤ ਜਸੁ=ਅਚੁੱਤ
ਪ੍ਰਭੂ ਦਾ ਜਸ, ਅਚੁਤ=ਕਦੇ ਨਾਸ ਨਾਹ ਹੋਣ ਵਾਲਾ, ਪੁਰਾਣੀ=
ਪੁਰਾਣਾਂ ਨੇ, ਬਿਰਦੁ=ਮੁੱਢ=ਕਦੀਮਾਂ ਦਾ ਸੁਭਾਉ)

48. ਮਿਠ ਬੋਲੜਾ ਜੀ ਹਰਿ ਸਜਣੁ ਸੁਆਮੀ ਮੋਰਾ

ਮਿਠ ਬੋਲੜਾ ਜੀ ਹਰਿ ਸਜਣੁ ਸੁਆਮੀ ਮੋਰਾ ॥
ਹਉ ਸੰਮਲਿ ਥਕੀ ਜੀ ਓਹੁ ਕਦੇ ਨ ਬੋਲੈ ਕਉਰਾ ॥
ਕਉੜਾ ਬੋਲਿ ਨ ਜਾਨੈ ਪੂਰਨ ਭਗਵਾਨੈ ਅਉਗਣੁ ਕੋ ਨ ਚਿਤਾਰੇ ॥
ਪਤਿਤ ਪਾਵਨੁ ਹਰਿ ਬਿਰਦੁ ਸਦਾਏ ਇਕੁ ਤਿਲੁ ਨਹੀ ਭੰਨੈ ਘਾਲੇ ॥
ਘਟ ਘਟ ਵਾਸੀ ਸਰਬ ਨਿਵਾਸੀ ਨੇਰੈ ਹੀ ਤੇ ਨੇਰਾ ॥
ਨਾਨਕ ਦਾਸੁ ਸਦਾ ਸਰਣਾਗਤਿ ਹਰਿ ਅੰਮ੍ਰਿਤ ਸਜਣੁ ਮੇਰਾ ॥੧॥੭੮੪॥

(ਮਿਠ ਬੋਲੜਾ=ਮਿੱਠੇ ਬੋਲ ਬੋਲਣ ਵਾਲਾ, ਮੋਰਾ=ਮੇਰਾ,
ਹਉ=ਹਉਂ,ਮੈਂ, ਸੰਮਲਿ=ਚੇਤਾ ਕਰ ਕਰ ਕੇ, ਕਉਰਾ=ਕੌੜਾ,
ਬੋਲਿ ਨ ਜਾਨੈ=ਬੋਲਣਾ ਜਾਣਦਾ ਹੀ ਨਹੀਂ, ਅਉਗਣੁ ਕੋ=
ਕੋਈ ਭੀ ਔਗੁਣ, ਚਿਤਾਰੇ=ਚੇਤੇ ਰੱਖਦਾ, ਪਤਿਤ ਪਾਵਨੁ=
ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲਾ, ਬਿਰਦੁ=ਮੁੱਢ-ਕਦੀਮਾਂ
ਦਾ ਸੁਭਾਉ, ਸਦਾਏ=ਅਖਵਾਂਦਾ ਹੈ, ਤਿਲੁ=ਰਤਾ ਭਰ ਭੀ, ਭੰਨੈ=
ਭੰਨਦਾ,ਵਿਅਰਥ ਜਾਣ ਦੇਂਦਾ, ਘਾਲੇ=ਕੀਤੀ ਘਾਲ ਨੂੰ, ਘਟ=
ਸਰੀਰ, ਨੇਰੈ ਹੀ ਤੇ ਨੇਰਾ=ਨੇੜੇ ਤੋਂ ਨੇੜੇ, ਸਰਣਾਗਤਿ=ਸਰਨ
ਵਿਚ ਆਇਆ ਰਹਿੰਦਾ ਹੈ)

49. ਸੂਰਜ ਕਿਰਣਿ ਮਿਲੇ

ਸੂਰਜ ਕਿਰਣਿ ਮਿਲੇ ਜਲ ਕਾ ਜਲੁ ਹੂਆ ਰਾਮ ॥
ਜੋਤੀ ਜੋਤਿ ਰਲੀ ਸੰਪੂਰਨੁ ਥੀਆ ਰਾਮ ॥
ਬ੍ਰਹਮੁ ਦੀਸੈ ਬ੍ਰਹਮੁ ਸੁਣੀਐ ਏਕੁ ਏਕੁ ਵਖਾਣੀਐ ॥
ਆਤਮ ਪਸਾਰਾ ਕਰਣਹਾਰਾ ਪ੍ਰਭ ਬਿਨਾ ਨਹੀ ਜਾਣੀਐ ॥
ਆਪਿ ਕਰਤਾ ਆਪਿ ਭੁਗਤਾ ਆਪਿ ਕਾਰਣੁ ਕੀਆ ॥
ਬਿਨਵੰਤਿ ਨਾਨਕ ਸੇਈ ਜਾਣਹਿ ਜਿਨ੍ਹ੍ਹੀ ਹਰਿ ਰਸੁ ਪੀਆ ॥੪॥੨॥੮੪੬॥

(ਸੂਰਜ ਕਿਰਣਿ ਮਿਲੇ=ਸੂਰਜ ਦੀ ਕਿਰਣ ਨਾਲ ਮਿਲ ਕੇ,
ਸੰਪੂਰਨੁ ਥੀਆ=ਸਾਰੇ ਗੁਣਾਂ ਦੇ ਮਾਲਕ ਪ੍ਰਭੂ ਦਾ ਰੂਪ ਹੋ
ਜਾਂਦਾ ਹੈ, ਦੀਸੈ=ਦਿੱਸਦਾ ਹੈ, ਸੁਣੀਐ=ਉਸ ਨੂੰ ਸੁਣਿਆ
ਜਾਂਦਾ ਹੈ, ਵਖਾਣੀਐ=ਜ਼ਿਕਰ ਹੋ ਰਿਹਾ ਹੁੰਦਾ ਹੈ, ਪਸਾਰਾ=
ਖਿਲਾਰਾ,ਪਰਕਾਸ਼, ਕਾਰਣੁ ਕੀਆ=ਮੁੱਢ ਬੱਧਾ, ਸੇਈ=
ਉਹੀ ਬੰਦੇ, ਜਾਣਹਿ=ਜਾਣਦੇ ਹਨ)

50. ਸਖੀ ਕਾਜਲ ਹਾਰ ਤੰਬੋਲ

ਸਖੀ ਕਾਜਲ ਹਾਰ ਤੰਬੋਲ ਸਭੈ ਕਿਛੁ ਸਾਜਿਆ ॥
ਸੋਲਹ ਕੀਏ ਸੀਗਾਰ ਕਿ ਅੰਜਨੁ ਪਾਜਿਆ ॥
ਜੇ ਘਰਿ ਆਵੈ ਕੰਤੁ ਤ ਸਭੁ ਕਿਛੁ ਪਾਈਐ ॥
ਹਰਿਹਾਂ ਕੰਤੈ ਬਾਝੁ ਸੀਗਾਰੁ ਸਭੁ ਬਿਰਥਾ ਜਾਈਐ ॥੩॥੧੩੬੧॥

(ਸਖੀ=ਹੇ ਸਹੇਲੀਏ, ਕਾਜਲ=ਕੱਜਲ,ਸੁਰਮਾ,
ਤੰਬੋਲ=ਪਾਨ , ਸਾਜਿਆ=ਤਿਆਰ ਕਰ ਲਿਆ,
ਸੋਲਹ=ਸੋਲ੍ਹਾਂ, ਅੰਜਨੁ=ਸੁਰਮਾ, ਪਾਜਿਆ=ਪਾ
ਲਿਆ, ਘਰਿ=ਘਰ ਵਿਚ, ਕੰਤੁ=ਖਸਮ, ਪਾਈਐ=
ਪ੍ਰਾਪਤ ਕਰ ਲਈਦਾ ਹੈ, ਬਾਝੁ=ਬਿਨਾ, ਬਿਰਥਾ=
ਵਿਅਰਥ)

51. ਪਰ ਤ੍ਰਿਅ ਰਾਵਣਿ ਜਾਹਿ

ਪਰ ਤ੍ਰਿਅ ਰਾਵਣਿ ਜਾਹਿ ਸੇਈ ਤਾ ਲਾਜੀਅਹਿ ॥
ਨਿਤਪ੍ਰਤਿ ਹਿਰਹਿ ਪਰ ਦਰਬੁ ਛਿਦ੍ਰ ਕਤ ਢਾਕੀਅਹਿ ॥
ਹਰਿ ਗੁਣ ਰਮਤ ਪਵਿਤ੍ਰ ਸਗਲ ਕੁਲ ਤਾਰਈ ॥
ਹਰਿਹਾਂ ਸੁਨਤੇ ਭਏ ਪੁਨੀਤ ਪਾਰਬ੍ਰਹਮੁ ਬੀਚਾਰਈ ॥੮॥੧੩੬੨॥

(ਪਰ ਤ੍ਰਿਅ=ਪਰਾਈ ਇਸਤ੍ਰੀ, ਰਾਵਣਿ ਜਾਹਿ=
ਭੋਗਣ ਜਾਂਦੇ ਹਨ, ਸੇਈ=ਉਹ ਬੰਦੇ ਹੀ, ਲਾਜੀਅਹਿ=
ਪ੍ਰਭੂ ਦੀ ਹਜ਼ੂਰੀ ਵਿਚ ਲੱਜਿਆਵਾਨ ਹੁੰਦੇ ਹਨ, ਨਿਤ
ਪ੍ਰਤਿ=ਸਦਾ ਹੀ, ਹਿਰਹਿ=ਚੁਰਾਂਦੇ ਹਨ, ਦਰਬੁ=ਧਨ,
ਛਿਦ੍ਰ=ਐਬ,ਵਿਕਾਰ, ਕਤ=ਕਿੱਥੇ, ਢਾਕੀਅਹਿ=ਢੱਕੇ
ਜਾ ਸਕਦੇ ਹਨ, ਰਮਤ=ਸਿਮਰਦਿਆਂ, ਤਾਰਈ=ਤਾਰ
ਲੈਂਦਾ ਹੈ, ਪੁਨੀਤ=ਪਵਿੱਤਰ, ਬੀਚਾਰਈ=ਵਿਚਾਰਦਾ ਹੈ)

52. ਊਪਰਿ ਬਨੈ ਅਕਾਸੁ

ਊਪਰਿ ਬਨੈ ਅਕਾਸੁ ਤਲੈ ਧਰ ਸੋਹਤੀ ॥
ਦਹ ਦਿਸ ਚਮਕੈ ਬੀਜੁਲਿ ਮੁਖ ਕਉ ਜੋਹਤੀ ॥
ਖੋਜਤ ਫਿਰਉ ਬਿਦੇਸਿ ਪੀਉ ਕਤ ਪਾਈਐ ॥
ਹਰਿਹਾਂ ਜੇ ਮਸਤਕਿ ਹੋਵੈ ਭਾਗੁ ਤ ਦਰਸਿ ਸਮਾਈਐ ॥੯॥੧੩੬੨॥

(ਊਪਰਿ=ਉਤਾਂਹ, ਬਨੈ=ਫਬ ਰਿਹਾ ਹੈ, ਤਲੈ=ਹੇਠ,
ਧਰ=ਧਰਤੀ , ਸੋਹਤੀ=ਸਜੀ ਹੋਈ ਹੈ, ਦਹ=ਦਸ,
ਦਿਸ=ਪਾਸਾ, ਬੀਜੁਲਿ=ਬਿਜਲੀ, ਜੋਹਤੀ=ਤੱਕਦੀ ਹੈ,
ਲਿਸ਼ਕਾਰੇ ਮਾਰਦੀ ਹੈ, ਫਿਰਉ=ਫਿਰਉਂ,ਮੈਂ ਫਿਰਦੀ ਹਾਂ ,
ਬਿਦੇਸਿ=ਪਰਦੇਸ ਵਿਚ, ਪੀਉ=ਪ੍ਰੀਤਮ-ਪ੍ਰਭੂ, ਕਤ=ਕਿੱਥੇ,
ਪਾਈਐ=ਮਿਲ ਸਕਦਾ ਹੈ, ਮਸਤਕਿ=ਮੱਥੇ ਉੱਤੇ, ਦਰਸਿ=
ਦਰਸ਼ਨ ਵਿਚ, ਸਮਾਈਐ=ਲੀਨ ਹੋ ਸਕਦਾ ਹੈ)

53. ਡਿਠੇ ਸਭੇ ਥਾਵ

ਡਿਠੇ ਸਭੇ ਥਾਵ ਨਹੀ ਤੁਧੁ ਜੇਹਿਆ ॥
ਬਧੋਹੁ ਪੁਰਖਿ ਬਿਧਾਤੈ ਤਾਂ ਤੂ ਸੋਹਿਆ ॥
ਵਸਦੀ ਸਘਨ ਅਪਾਰ ਅਨੂਪ ਰਾਮਦਾਸ ਪੁਰ ॥
ਹਰਿਹਾਂ ਨਾਨਕ ਕਸਮਲ ਜਾਹਿ ਨਾਇਐ ਰਾਮਦਾਸ ਸਰ ॥੧੦॥੧੩੬੨॥

(ਸਭੇ ਥਾਵ=ਸਾਰੇ ਥਾਂ, ਤੁਧੁ ਜੇਹਿਆ=ਤੇਰੇ ਬਰਾਬਰ ਦਾ,
ਬਧੋਹੁ=ਤੈਨੂੰ ਬਣਾਇਆ ਹੈ, ਪੁਰਖਿ=ਅਕਾਲ-ਪੁਰਖ ਨੇ,
ਬਿਧਾਤੈ=ਸਿਰਜਣਹਾਰ ਨੇ, ਸੋਹਿਆ=ਸੋਹਣਾ ਦਿੱਸਦਾ ਹੈਂ,
ਵਸਦੀ=ਵੱਸੋਂ, ਸਘਨ=ਸੰਘਣੀ, ਅਪਾਰ=ਬੇਅੰਤ, ਅਨੂਪ=
(ਅਨ-ਊਪ) ਉਪਮਾ-ਰਹਿਤ,ਬੇਮਿਸਾਲ, ਰਾਮਦਾਸ=ਰਾਮ
ਦੇ ਦਾਸ , ਰਾਮਦਾਸਪੁਰ=ਹੇ ਰਾਮ ਦੇ ਦਾਸਾਂ ਦੇ ਨਗਰ,
ਹੇ ਸਤਸੰਗ, ਕਸਮਲ=ਸਾਰੇ ਪਾਪ, ਜਾਹਿ=ਦੂਰ ਹੋ ਜਾਂਦੇ
ਹਨ , ਨਾਇਐ=ਤੇਰੇ ਵਿਚ ਇਸ਼ਨਾਨ ਕੀਤਿਆਂ)