ਕਾਫ਼ੀਆਂ ਸਾਈਂ ਮੌਲਾ ਸ਼ਾਹ

From Wikisource
Jump to: navigation, search
ਕਾਫ਼ੀਆਂ ਸਾਈਂ ਮੌਲਾ ਸ਼ਾਹ
by ਸਾਈਂ ਮੌਲਾ ਸ਼ਾਹ

1. ਕਿਉਂ ਫਿਰਨੀ ਹੈਂ ਮਸਤਾਨੀ

ਕਿਉਂ ਫਿਰਨੀ ਹੈਂ ਮਸਤਾਨੀ,
ਸਦਾ ਨਾ ਰਹੂਗੀ ਜਵਾਨੀ।

ਖ਼ਮਰ ਪਿਆਲੇ ਪੀ ਕੇ ਪਿਆਰੀ,
ਭੁਲ ਗਈ ਤੈਨੂੰ ਸਾਡੀ ਯਾਰੀ,
ਅਜ਼ਲੀ ਪ੍ਰੀਤ ਪੁਰਾਣੀ।

ਯਾਰ ਵਲੋਂ ਕਿਉਂ ਮੁਖੜਾ ਮੋੜੇਂ,
ਛਡ ਇਕ ਨੂੰ ਕਿਉਂ ਦੂਸਰਾ ਲੋੜੇਂ,
ਆਖ਼ਰ ਇਹ ਜਗ ਫ਼ਾਨੀ।

ਖੋਹਲ ਕੇ ਘੁੰਗਟ ਦੇਖ ਨਜ਼ਾਰਾ,
ਨਜ਼ਰ ਆਵੇ ਤੈਨੂੰ ਯਾਰ ਪਿਆਰਾ,
ਕਿਉਂ ਹੋਈ ਹਾਲ ਹੈਰਾਨੀ।

ਯਾਰ ਯਾਰਾਂ ਨੂੰ ਸੀਨੇ ਲਾਵਨ,
ਲਾ ਕੇ ਪ੍ਰੀਤਾਂ ਤੋੜ ਨਿਭਾਵਨ,
ਜਾਨ ਕਰਨ ਕੁਰਬਾਨੀ।

ਯਾਰ ਬਣਾ ਕੇ ਨਾ ਭੁਲ ਜਾਵੀਂ,
ਕਾਲੂ ਬਲਾ ਦਾ ਕੌਲ ਨਿਭਾਵੀਂ,
ਜੋ ਕੀਤਾ ਕੌਲ ਜ਼ਬਾਨੀ।

ਯਾਰ ਯਾਰਾਂ ਦੀ ਕੀ ਅਸ਼ਨਾਈ,
ਜੇ ਨਾ ਦੂਈ ਦੂਰ ਹਟਾਈ,
ਐਵੇਂ ਉਮਰ ਵਿਹਾਣੀ।

ਬੈਠ ਗੈਰਾਂ ਨਾਲ ਦੁਖ ਸੁਖ ਫੋਲੇਂ,
ਯਾਰ ਬੁਲਾਵੇ ਕਿਉਂ ਨ ਬੋਲੇਂ,
ਸੋਹਣਾ ਤੇਰਾ ਦਿਲ ਜਾਨੀ।

ਯਾਰ ਰੁੱਸੇ ਨਾ ਕਿਧਰੇ ਢੋਈ,
ਸੁਮ ਬਕਮ ਕਿਉਂ ਚੁਪ ਹੋਈ,
ਦੋ ਦਮ ਦੀ ਜ਼ਿੰਦਗਾਨੀ।

ਮੌਲਾ ਸ਼ਾਹ ਨਾਲ ਨਾ ਕਰ ਠਗੀਆਂ,
ਕਾਲੀਆਂ ਜ਼ੁਲਫ਼ਾਂ ਹੋਸਣ ਬਗੀਆਂ,
ਦਾਮ ਪਕੜ ਜੀਲਾਨੀ।

(ਖ਼ਮਰ=ਨਸ਼ਾ, ਫ਼ਾਨੀ=ਨਾਸ਼ਵਾਨ,
ਅਸ਼ਨਾਈ=ਪਿਆਰ, ਦਾਮ=ਪੱਲਾ,
ਜੀਲਾਨੀ=ਪੀਰ ਜੀਲਾਨੀ)

2. ਆ ਵੇ ਮਾਹੀ ਲਗ ਜਾ ਛਾਤੀ

ਆ ਵੇ ਮਾਹੀ ਲਗ ਜਾ ਛਾਤੀ,
ਬਾਂਕਿਆਂ ਨੈਣਾਂ ਵਾਲਿਆ।

ਆਪ ਛਿੜ ਨਾਲ ਮਹੀਆਂ ਦੇ ਜਾਵੇਂ,
ਸਾਨੂੰ ਕਿਉਂ ਨਾ ਨਾਲ ਲੈ ਜਾਵੇਂ।
ਹਾਲ ਮੇਰੇ ਦੀ ਖ਼ਬਰ ਨਾ ਤੈਨੂੰ,
ਕੈਂਹ ਦੇ ਦਿਆ ਰਖਵਾਲਿਆ।

ਤੁਰਕਾਂ ਵਾਂਗੂੰ ਚੜ੍ਹ ਕੇ ਘੋੜੇ,
ਕਿਲੇ ਸਿਆਲਾਂ ਦੇ ਤੂੰ ਤੋੜੇ।
ਖ਼ਬਰ ਨਾ ਤੈਨੂੰ ਚੂਚਕ ਬੇਟੀ,
ਜਿਸ ਨੇ ਪਾਲੀ ਪਾਲਿਆ।

ਤੂੰ ਬੇਲੇ ਮੈਂ ਤ੍ਰਿੰਞਣ ਗਾਵਾਂ,
ਅਉਂਸੀਆਂ ਪਾ ਪਾ ਕਾਗ ਉਡਾਵਾਂ।
ਬੰਸੀ ਵਾਲਿਆ ਕਿਉਂ ਚਿਰ ਲਾਇਆ,
ਕਿਸ ਤੈਨੂੰ ਭਰਮਾ ਲਿਆ।

ਫ਼ਜ਼ਰ ਗਿਆ, ਨਾ ਸ਼ਾਮੀ ਆਇਆ,
ਰੁਸ ਬੈਠਾ ਨਾ ਗਲ ਨਾਲ ਲਾਇਆ।
ਹਾੜੇ ਸਈਓ ਇਹ ਕੀ ਹੋਇਆ,
ਸੂਰਜ ਮੁਖ ਛੁਪਾ ਲਿਆ।

ਮੈਂ ਸਰਦਾਰ ਸਹੇਲੀਆਂ ਸਠ ਵੇ,
ਤਖ਼ਤ ਹਜ਼ਾਰੇ ਦਾ ਤੂੰ ਜਟ ਵੇ।
ਵਾਰ ਸੁਟੀ ਮੈਂ ਕਿਸ ਗਲੋਂ ਤੂੰ,
ਰੋਸਾ ਨਵਾਂ ਜਗਾ ਲਿਆ।

ਤੇਰੀ ਮੇਰੀ ਲਗੀ ਯਾਰੀ,
ਚੜ੍ਹ ਤੁਰਕਾਂ ਜਿਉਂ ਦਿੱਲੀ ਮਾਰੀ।
ਮੁਲਾਂ ਮਥੇ ਤਿਲਕ ਲਗਾਇਆ,
ਮਾਸ ਬ੍ਰਾਹਮਣਾ ਖਾ ਲਿਆ।

ਮੈਂ ਤ੍ਰਿੰਞਣ ਤੂੰ ਗਾਵੇਂ ਝੱਲਾਂ,
ਮੌਲਾ ਸ਼ਾਹ ਵੇਖ ਰਬ ਦੀਆਂ ਗੱਲਾਂ।
ਸਿਹਾ ਪਕੜ ਕੇ ਚੂਹੜਿਆਂ ਖਾਧਾ,
ਸੂਰ ਮਸੀਤੇਂ ਢਾਹ ਲਿਆ।

(ਫ਼ਜ਼ਰ=ਸਵੇਰਾ, ਝੱਲਾਂ=ਬੇਲੇ,ਜੰਗਲ)

3. ਵੇ ਮਿਤ੍ਰਾ ਛਡ ਵੀਣੀ

ਭਜ ਗਈਆਂ ਮੇਰੀਆਂ ਵੰਗਾਂ,
ਵੇ ਮਿਤ੍ਰਾ ਛਡ ਵੀਣੀ।

ਕਰ ਇਕਰਾਰ ਨਾ ਜੋਗੀ ਬਹੁੜੇ,
ਸੁੰਦਰਾਂ ਰਾਣੀ ਰਹੀ ਲੈਂਦੀ ਹੋੜੇ,
ਕੂੜੇ ਕੌਲ ਮਲੰਗਾਂ,
ਵੇ ਮਿਤ੍ਰਾ ਛਡ ਵੀਣੀ।

ਤੈਨੂੰ ਆਪਣੀ ਖ਼ਬਰ ਨਾ ਕੋਈ,
ਕੀ ਜਾਣੇ ਕੌਣ ਜੋ ਸਾਡੇ ਨਾਲ ਹੋਈ,
ਪੀ ਬੈਠੋਂ ਸ਼ਰਾਬੀ ਭੰਗਾਂ,
ਵੇ ਮਿਤ੍ਰਾ ਛਡ ਵੀਣੀ।

ਛਡ ਨਿਮਾਜ਼ ਕੁਰਾਨ ਪੜ੍ਹੇਂ ਤੂੰ,
ਗਿਦੜਾਂ ਤੋਂ ਡਰ ਕੇ ਸ਼ੇਰਾਂ ਨਾਲ ਲੜੇਂ ਤੂੰ,
ਮੈਂ ਇਹ ਗਲ ਪੁਛਦੀ ਸੰਗਾਂ,
ਵੇ ਮਿਤ੍ਰਾ ਛਡ ਵੀਣੀ।

ਅਟਕ ਝਨਾਂ ਵਿਚ ਤਰਦੇ ਬੇੜੇ,
ਡਾਢਾ ਖ਼ੌਫ਼ ਪਿਆ ਦਿਲ ਮੇਰੇ,
ਵੇਖ ਰਾਵੀ ਦੀਆਂ ਝੱਗਾਂ,
ਵੇ ਮਿਤ੍ਰਾ ਛਡ ਵੀਣੀ।

ਇਨਸਾਨ ਹੈਵਾਨ ਇਸ਼ਕ ਗਰਜ਼ੀ ਮਰਦੇ,
ਦੇਖ ਸ਼ਮਾਂ ਨੂੰ ਜਲ ਜਲ ਮਰਦੇ,
ਅਕਲ ਕੀ ਗਰਜ਼ ਪਤੰਗਾਂ,
ਵੇ ਮਿਤ੍ਰਾ ਛਡ ਵੀਣੀ।

ਹਾਲਾ ਸਕੰਦਰ ਭਰਿਆ ਸਾਰੇ,
ਜਗ ਤੋਂ ਟੁਟ ਗਿਆ ਮੇਰਾ ਹਾਰੇ,
ਦੇ ਮਣਕੇ ਚੁਗ ਤੂੰ, ਮੈਂ ਹਾਸਲ ਤੈਥੋਂ ਮੰਗਾਂ,
ਵੇ ਮਿਤ੍ਰਾ ਛਡ ਵੀਣੀ।

ਜਮਨਾ ਗੰਗਾ ਤੇ ਹਾਜੀ ਨੁਹਾਵਣ,
ਮੌਲਾਣੇ ਗਊਆਂ ਤੇ ਚੜ੍ਹਦੇ ਪੰਡਤ ਕੱਸਣ ਪਲਾਣ,
ਮੌਲਾ ਸ਼ਾਹ ਖ਼ੁਦਾ ਦੇ ਵੇਖ ਰੰਗਾਂ,
ਵੇ ਮਿਤ੍ਰਾ ਛਡ ਵੀਣੀ।
4. ਮੈਂਡੇ ਮਾਹੀ ਤੋੜ ਨਾ ਮੈਂਡਾ ਪਿਆਰ ਵੇ

ਮੈਂਡੇ ਮਾਹੀ ਤੋੜ ਨਾ ਮੈਂਡਾ ਪਿਆਰ ਵੇ।

ਬਲਾ ਕਿਆਮਤ ਤੇਰੇ ਨਾਜ਼ ਤੋਂ ਘੋਲਿਆ,
ਨਾ ਕਰ ਮੇਰੇ ਨਾਲ ਰੋਲ ਤੂੰ ਰੋਲੀਆ,
ਚੀਰੇ ਬੈਠੀ ਨਰਦ ਨਾ ਮਾਰ ਵੇ।

ਅਰਸ਼ ਖ਼ੁਦਾ ਦੇ ਢਹਿ ਪੈਣ ਮੁਨਾਰੇ,
ਯਾਰੀ ਲਾ ਕੇ ਜਦੋਂ ਰੁਸਦੇ ਪਿਆਰੇ,
ਕਸਮ ਤੇਰੀ ਦਿਲਦਾਰ ਵੇ।

ਕੌਣ ਚੰਗੀ ਤੈਨੂੰ ਸਾਡੇ ਨਾਲੋਂ ਹੋਰ ਵੇ,
ਕਿਸ ਗਲ ਦਾ ਦਸ ਤੈਨੂੰ ਜ਼ੋਰ ਵੇ,
ਕਾਲੇ ਤਿਲ ਦਾ ਹਾਸਲ ਦੇ ਦੇ ਯਾਰ ਵੇ।

ਇਸ ਤਰ੍ਹਾਂ ਲੁਟ ਲਿਆ ਤੂੰ ਮੈਨੂੰ ਫੜ ਕੇ,
ਜਿਸ ਤਰ੍ਹਾਂ ਘੋੜਿਆਂ ਤੇ ਤੁਰਕਾਂ ਚੜ੍ਹ ਕੇ,
ਕੀਤੇ ਹਰਨ ਸ਼ਿਕਾਰ ਵੇ।

ਘੁੰਗਟ ਵਿਹਲੇ ਜ਼ੁਲਫ਼ਾਂ ਨਾਗ ਪਟਾਰੀ,
ਨੈਣ ਸਿਪਾਹੀ ਸਮਰਕੰਦ ਬੁਖ਼ਾਰੀ,
ਤੁਰਕੀ ਅਰਬੀ ਲਬ ਤੇਰੇ ਸਰਦਾਰ ਵੇ।

ਵਗਦੀ ਆ ਰਾਵੀ ਕੰਢੇ ਸ਼ੂਕਨ ਕੁੱਕੂ ਕਾਨੇ,
ਤੇਰੇ ਕੋਲ ਆਈ ਮੈਂ ਕਰ ਕੇ ਲਖ ਬਹਾਨੇ,
ਕੁੜੀਆਂ ਦਾ ਛਡ ਕੇ ਭੰਡਾਰ ਵੇ।

ਯਾਰ ਯਾਰਾਂ ਨੂੰ ਲਾਂਵਦੇ ਛਾਤੀ,
ਤੀਰਥ ਜਾਣ ਕੁਸਤੀ ਪਾਪੀ,
ਮੱਕੇ ਜਾਂਦੇ ਗੁਨਾਹਗਾਰ ਵੇ।

ਮਲ੍ਹਾਰ ਗਾਵੇਂ ਬਰਸੇ ਮੀਂਹ ਹੋਵੇ ਸਬਜ਼ੀ,
ਮੌਲਾ ਸ਼ਾਹ ਵੇਖ ਕੁਦਰਤ ਰੱਬ ਦੀ,
ਦੀਪਕ ਗਾਵੇਂ ਭੜਕੇ ਨਾਰ ਵੇ।

(ਨਰਦ=ਚੌਪੜ ਦੀ ਗੋਟੀ, ਕੁਸਤੀ=ਝੂਠੇ,
ਸਬਜ਼ੀ=ਹਰਿਆਵਲ, ਨਾਰ=ਅੱਗ)

5. ਦਿਨ ਰਾਤ ਮਿਤਰਾ ਵੇ ਸਾਨੂੰ ਤਾਂਘਾਂ ਤੇਰੀਆਂ

ਦਿਨ ਰਾਤ ਮਿਤਰਾ ਵੇ ਸਾਨੂੰ ਤਾਂਘਾਂ ਤੇਰੀਆਂ।

ਬਲਿਹਾਰ ਮੈਂ ਬਲਿਹਾਰ ਗਈਆਂ ਲੱਖ ਕਰੋੜਾਂ,
ਜਿਹੜਾ ਆਈਨਾ ਕਲੀ ਮਾਰ ਸੰਗ ਤੇ ਤੋੜਾਂ,
ਚੜ੍ਹ ਅੰਬਰਾਂ ਤੇ ਉਡੀਆਂ ਪਤੰਗਾਂ ਤੇਰੀਆਂ।

ਮੋਤੀ ਬੇਸਰ ਜਿਉਂ ਤਾਰੇ ਚਮਕਨ ਲਟਕਨ ਵਾਲੀਆਂ,
ਬਾਂਕੇ ਨੈਣ ਮਸਤ ਤੇਰੇ ਦੋਵੇਂ ਜ਼ੁਲਫ਼ਾਂ ਕਾਲੀਆਂ,
ਚੰਦ ਵਾਂਗ ਚੰਦ ਮੁਖੜੇ ਤੇ ਮਾਂਹਗਾਂ ਤੇਰੀਆਂ।

ਵੇਖ ਕਾਜ਼ੀ ਕਹੇ ਹੁਸਨ ਤੇਰਾ ਅਕਲ ਗਵਾਈ,
ਲਬ ਤੁਰਕਾਂ ਵਾਂਗ ਤੇਰੇ ਕਰਦੇ ਲੜਾਈ,
ਲਗਣ ਆਸ਼ਕਾਂ ਦੇ ਸੀਨੇ ਦੇ ਵਿਚ ਸਾਂਗਾਂ ਤੇਰੀਆਂ।

ਕਿਤੇ ਤਵਾਇਫ਼ ਲੋਕ ਗੀਤ ਗਾਵਨ ਮੁਜਰੇ ਖਲੋ ਕੇ,
ਕਿਤੇ ਵਜਦ ਸੂਫ਼ੀ ਖੇਲਣ ਯਾਦ ਯਾਰ ਦੀ ਰੋ ਕੇ,
ਕਿਤੇ ਵਿਚ ਮਸੀਤੇ ਮਿਲਦੀਆਂ ਨੀ ਬਾਂਗਾਂ ਤੇਰੀਆਂ।

ਤੇਰੇ ਸਦਕੇ ਦਿਆਂ ਬਕਰੇ, ਕੈਦੀ ਦਸ ਸੌ ਛੁਡਾਵਾਂ,
ਮੰਨਾਂ ਚੂਰੀ ਬਾਲਾਂ ਦੀਵੇ ਖ਼ਾਜਾ ਖ਼ਿਜਰ ਮਨਾਵਾਂ,
ਮੇਰੇ ਅੰਙਣ ਕਦਮ ਪੈਣ ਜੇ ਉਲਾਂਘਾਂ ਤੇਰੀਆਂ।

ਭਲਾ ਕੌਣ ਕੋਈ ਤੇਰੇ ਨਾਲ ਯਾਰੀ ਲਾਵੇ,
ਤੂੰ ਬੇਅੰਤ ਹੈਂ ਮਿਤਰਾ ਤੇਰਾ ਕੋਈ ਅੰਤ ਨਾ ਆਵੇ,
ਤੂੰ ਹੈਂ ਮੌਜ ਬਹਿਰੇ ਆਬ ਚੜ੍ਹਨ ਕਾਂਗਾਂ ਤੇਰੀਆਂ।

ਮੌਲਾ ਸ਼ਾਹ ਸਾਈਂ ਮੁਦਾ ਸ਼ਾਇਕਾਂ ਦੀ ਦਿਲਾ ਤੂੰ,
ਅਦਮ ਮੁਤਲਕ ਇਜ਼ਾਫ਼ੀ ਦੀ ਨਾ ਪਾ ਬਾਤ ਬਜਾ ਤੂੰ,
ਪਈਆਂ ਧਰਤੀ ਤੇ ਅਗਾਸ ਤੇ ਧਾਂਗਾਂ ਤੇਰੀਆਂ।

(ਆਈਨਾ=ਸ਼ੀਸ਼ਾ, ਸੰਗ=ਪੱਥਰ, ਮਾਂਹਗਾਂ=ਮਾਂਗ,ਚੀਰਨੀ,
ਸਾਂਗਾਂ=ਤਲਵਾਰਾਂ, ਤਵਾਇਫ਼=ਨਾਚੀ, ਵਜਦ=ਮਸਤੀ,
ਖੁਮਾਰੀ, ਮੌਜ ਬਹਿਰੇ ਆਬ=ਸਮੁੰਦਰੀ ਪਾਣੀ ਦੀ ਲਹਿਰ,
ਕਾਂਗਾਂ=ਹੜ੍ਹ, ਸ਼ਾਇਕ=ਚਾਹਵਾਨ,ਸ਼ੁਕੀਨ, ਅਦਮ ਮੁਤਲਕ
ਇਜ਼ਾਫ਼ੀ=ਰੱਬ ਦੀ ਹੋਂਦ ਜਾਂ ਅਣਹੋਂਦ ਸੰਬੰਧੀ, ਧਾਂਗਾਂ=ਧਾਂਕਾਂ)

6. ਤੇਰੇ ਨਿਤ ਦੇ ਨਿਹੋਰੇ ਚੰਗੇ ਨਾ ਵੇ ਲਗਦੇ

ਤੇਰੇ ਨਿਤ ਦੇ ਨਿਹੋਰੇ ਚੰਗੇ ਨਾ ਵੇ ਲਗਦੇ।

ਤੇਰੀ ਮੇਰੀ ਵੇਖ ਮੁਹੱਬਤ ਦੁਨੀਆਂ ਕਲ ਦੀ,
ਤੇਰੀ ਖ਼ਾਤਰ ਪਿਆਰਿਆ ਮੈਂ ਸਿਰ ਤੇ ਝਲਦੀ,
ਲੱਖਾਂ ਕਰੋੜਾਂ ਤਾਹਨੇ ਮਾਰੇ ਜਗ ਦੇ।

ਕਿੱਕਰ ਸੂਲਾਂ ਉਗੀਆਂ ਜਿਥੇ ਦਾਬ ਗੁਲਾਬ ਬੀਜਾਈ,
ਵਾਰ ਘੜੀ ਉਹ ਕਿਹੜੀ ਸਾਇਤ, ਜਦ ਮੈਂ ਯਾਰੀ ਲਾਈ,
ਭੁਲ ਭੁਲੇਖੇ ਤੇਰੇ ਨਾਲ ਠਗ ਦੇ।

ਅਪਨੀ ਪ੍ਰੀਤ ਮੁਹੱਬਤ ਗੱਲਾਂ ਗ਼ੈਰ ਕਿਸੇ ਨਾ ਦਸੀਏ,
ਜਦ ਮਿਲੀਏ ਆਪੇ ਰੋਈਏ ਆਪੇ ਹਸੀਏ,
ਦੂਤੀ ਨਾ ਬੇਲੀ ਸਾਡੇ ਲਗਣ ਪਗ ਵੇ।

ਅਧੀ ਰਾਤ ਅੰਧੇਰੇ ਤਾਰੇ ਲਿਸ਼ਕਣ ਗਿਟੀਆਂ,
ਛੋਪ ਰਲਾ ਕੇ ਕੱਤਣ ਗਾਵਣ ਕੰਵਾਰੀਆਂ ਜੱਟੀਆਂ,
ਚਰਖੇ ਰੰਗੀਲ ਵਹਿਨ ਘੂਕ ਵਗਦੇ।

ਚੀਫ਼ ਕੋਰਟ ਵਿਚ ਹਾਜ਼ਰ ਰਈਅਤ, ਬੈਠੀ ਲਾ ਕੇ ਤਾਂਘਾਂ,
ਮੋਮਨ ਹਾਜ਼ਰ ਮਸਜਦ ਹੋਂਦੇ, ਜਦ ਮਿਲ ਜਾਂਦੀਆਂ ਬਾਂਗਾਂ,
ਵਜਨ ਤੁਰੀਆਂ ਹਿੰਦੂ ਹਾਜ਼ਰ ਤਬਲੇ ਨਾਲ ਆਵਾਜ਼ ਧਰੱਗਦੇ।

ਮੌਲਾ ਸ਼ਾਹ ਮਹਿਬੂਬ ਦੀ ਜ਼ੁਲਫ਼ ਦੇ ਇਕ ਇਕ ਵਾਲ ਥੋਂ,
ਖ਼ਾਕੀ ਨੂਰੀ ਪਦਮ ਕਰੋੜਾਂ ਕੁਰਬਾਨ ਸਿਆਹ ਖ਼ਾਲ ਥੋਂ,
ਸ਼ਮਸੀ ਰੋਸ਼ਨ ਜ਼ੱਰੇ ਜਿਹੜੇ ਵਿਚ ਮਘਦੇ।

(ਧਰੱਗਦੇ=ਵੱਜਦੇ, ਸ਼ਮਸ=ਸੂਰਜ)

7. ਵੇ ਸਿਪਾਹੀਆ ਜਮੂਏ ਦੀ ਚਾਕਰੀ

ਵੇ ਤੂੰ ਜਾ ਨਾ
ਵੇ ਸਿਪਾਹੀਆ ਜਮੂਏ ਦੀ ਚਾਕਰੀ।

ਬਰਫ਼ਾਂ ਪੈਂਦੀਆਂ ਪਰਬਤ ਧਾਰਾਂ ਬੀਬਾ,
ਕੋਈ ਨਾ ਪੁਛਦਾ ਪ੍ਰਦੇਸ ਵਿਚ ਸਾਰਾਂ ਵੇ।
ਹਾੜੇ ਘੱਤਾਂ ਮੈਂ ਮੁੜ ਘਰ ਆ ਜਾ
ਵੇ ਸਿਪਾਹੀਆ ਜਮੂਏ ਦੀ ਚਾਕਰੀ।

ਤੇਰੀ ਚਾਕਰੀ ਨੂੰ ਅੱਗ ਲਾਵਾਂ ਬੀਬਾ,
ਤੂੰ ਪ੍ਰਦੇਸ ਮੈਂ ਕਾਗ ਉਡਾਵਾਂ ਵੇ।
ਵਸ ਸੱਸ ਨਨਦ ਨਾ ਪਾ ਜਾ
ਵੇ ਸਿਪਾਹੀਆ ਜਮੂਏ ਦੀ ਚਾਕਰੀ।

ਫ਼ਾਲ ਪੰਡਤ ਨਜੂਮੀ ਕੋਲੋਂ ਪੁਛ ਬੀਬਾ,
ਨਵੇਂ ਸੂਰਜ ਨਾ ਸਾਡੇ ਨਾਲ ਰੁਸ ਵੇ।
ਸ਼ੁਭ ਵਾਰ ਮਹੂਰਤ ਮਨਾ ਕੇ
ਵੇ ਸਿਪਾਹੀਆ ਜਮੂਏ ਦੀ ਚਾਕਰੀ।

ਕੂਲਾਂ ਚੋਇਆਂ ਦੇ ਪਾਣੀ ਗੋਲੀ ਮਾਰ ਵੱਗਣ,
ਆਫ਼ਤਾਬ ਮਹਿਤਾਬ ਕਿਸਦੇ ਯਾਰ ਲਗਣ,
ਨੁਕਤਾ ਗੈਨ ਕਰ ਉਜਲਾ ਨਾ ਮਿਟਾ ਜਾ
ਵੇ ਸਿਪਾਹੀਆ ਜਮੂਏ ਦੀ ਚਾਕਰੀ।

ਮੌਲਾ ਸ਼ਾਹ ਨਾ ਦੁਨੀਆਂ ਜਾਣ ਬੀਬਾ,
ਦੇਸ਼ ਆਪਣੇ ਖ਼ੁਸ਼ੀਆਂ ਮਾਣ ਵੇ।
ਸਾਨੂੰ ਵੰਗਾਂ ਤੇ ਹੋਰ ਚੜ੍ਹਾ ਜਾ
ਵੇ ਸਿਪਾਹੀਆ ਜਮੂਏ ਦੀ ਚਾਕਰੀ।

(ਫ਼ਾਲ=ਰਮਲ ਦਾ ਲਗਨ, ਆਫ਼ਤਾਬ=
ਸੂਰਜ, ਮਹਿਤਾਬ=ਚੰਨ)

8. ਤੈਨੂੰ ਡਰ ਕਾਹਦਾ ਖੜੀ ਨਜ਼ਾਰੇ ਮਾਰ

ਤੈਨੂੰ ਡਰ ਕਾਹਦਾ ਖੜੀ ਨਜ਼ਾਰੇ ਮਾਰ।

ਖ਼ੌਫ਼ ਖ਼ਤਰ ਸਭ ਦੂਰ ਹਟਾਵੀਂ,
ਲੇਖਾ ਪੱਤਾ ਪਾੜ ਗਵਾਵੀਂ,
ਨੰਗ ਨਾਮੂਸ ਉਤਾਰ।

ਹਾਦੀ ਤੈਨੂੰ ਬਾਂਗ ਸੁਣਾਈ,
ਜਿਸ ਵਿਚ ਦੂਜਾ ਹਰਫ਼ ਨਾ ਕਾਈ,
ਤੂੰ ਆਪ ਰਹੀਮ ਕਹਾਰ।

ਜਪ ਨੂੰ ਛੋੜਾ ਜਪ ਵਿਚ ਰਹਿਣਾ,
ਹੱਦ ਨੂੰ ਤਿਆਗ ਅਨਹੱਦ ਵਿਚ ਬਹਿਣਾ,
ਇਹ ਸਮਝੀਂ ਅਸਰਾਰ।

ਖ਼ੌਫ਼ ਜਿਦ੍ਹਾ ਤੈਨੂੰ ਹਰਦਮ ਪੈਂਦਾ,
ਉਹ ਪਿਆਰਾ ਤੇਰੇ ਘਰ ਵਿਚ ਰਹਿੰਦਾ,
ਮੌਲਾ ਸ਼ਾਹ ਲੈ ਗੁਰ ਥੋਂ ਸਾਰ।

(ਨੰਗ ਨਾਮੂਸ=ਮਾਣ,ਇੱਜ਼ਤ, ਅਸਰਾਰ=
ਭੇਦ)

9. ਉਹ ਚਾਕ ਸਿਆਲਾਂ ਵਾਲਾ

ਜੋਗੀ ਭੇਸ ਵਟਾ ਕੇ ਆਇਆ, ਉਹ ਚਾਕ ਸਿਆਲਾਂ ਵਾਲਾ।
ਲਾਈ ਭਸਮ ਪਿੰਡੇ ਮੂੰਹ ਕਾਲਾ, ਉਹ ਚਾਕ ਸਿਆਲਾਂ ਵਾਲਾ।

ਕਿਥੋਂ ਤਾਜੇ ਕੰਨ ਪੜਵਾ ਕੇ, ਤਿਲਕ ਲਾਮ ਅਲਫ਼ ਮੱਥੇ ਲਾ ਕੇ।
ਉਬਦ ਆ ਦਾ ਘੁੰਗਟ ਪਾ ਕੇ, ਅਸਲੇ ਅਪਣੇ ਨੂੰ ਆਪ ਛਿਪਾ ਕੇ।
ਖ਼ਾਤਰ ਹੀਰ ਜੱਟੀ ਫੜ ਚਾਲਾ, ਉਹ ਚਾਕ ਸਿਆਲਾਂ ਵਾਲਾ।

ਆਇਆ ਖੇੜੀਂ ਕਰ ਕੇ ਓਹਲਾ, ਮਾਹੀ ਹੀਰ ਸਿਆਲ ਦਾ ਗੋਲਾ।
ਉਹਨੂੰ ਇਸ਼ਕ ਪਿਆਰ ਸਤਾਇਆ, ਬਣ ਕਾਫ਼ਰ ਰੂਪ ਵਟਾਇਆ।
ਨਿਹੁੰ ਲਾਵਣ ਨੈਣ ਸੁਖਾਲਾ, ਉਹ ਚਾਕ ਸਿਆਲਾਂ ਵਾਲਾ।

ਵੇਖ ਖ਼ਲਕ ਤੁਅੱਜਬ ਹੋਈ, ਜੋਗੀ ਯਾਰ ਨਾ ਦੂਸਰਾ ਕੋਈ।
ਇਹਦਾ ਕੋਈ ਨਾ ਮਜ੍ਹਬ ਦੀਨ, ਬਿਨ ਨੁਕਤੇ ਦੇ ਨਵੇਂ ਸੀਨ।
ਚੰਦ ਸੂਰਜ ਫ਼ਰਕ ਨਿਰਾਲਾ, ਉਹ ਚਾਕ ਸਿਆਲਾਂ ਵਾਲਾ।

ਦਿਨੇ ਚਾਨਣ ਰਾਤ ਅੰਧੇਰਾ, ਦਿੱਸੇ ਹੱਥ ਨਾ ਤੇਰਾ ਮੇਰਾ।
ਤਰੈ ਹੀ ਲੋਕੀ ਮੱਥਾ ਟੇਕਣ, ਸ਼ਾਨ ਹੁਸਨ ਸੂਰਤ ਵਲ ਵੇਖਣ।
ਸਿਰ ਛਤਰ ਸੇਲੀ ਗਲ ਮਾਲਾ, ਉਹ ਚਾਕ ਸਿਆਲਾਂ ਵਾਲਾ।

ਜੋਗੀ ਬਣਿਆ ਛਡ ਚੌਧਰਾਈ, ਕੰਨ ਮੁੰਦਰਾਂ ਰਾਖ ਮੂੰਹ ਲਾਈ।
ਵਿਚੋਂ ਰਾਂਝਾ ਯਾਰ ਜੱਟੀ ਦਾ, ਆਸ਼ਕ ਜ਼ੁਲਫ਼ ਸਿਆਹ ਪੱਟੀ ਦਾ।
ਕਿਸ ਅਕਸ ਆਬ ਚੰਦ ਡਾਲਾ, ਉਹ ਚਾਕ ਸਿਆਲਾਂ ਵਾਲਾ।

ਮੰਗੂ ਬੇਲੇ ਚੌਣੇ ਚਾਰੇ, ਹੋਈਆਂ ਖ਼ਬਰਾਂ ਜਗ ਵਿਚ ਸਾਰੇ।
ਵਿਆਹੀ ਹੀਰ ਕੋਈ ਪੇਸ਼ ਨਾ ਚੱਲੀ, ਝੁੱਗੀ ਨਾਥ ਕਿਸੇ ਜਾ ਮੱਲੀ।
ਕੌਲ ਯਾਰ ਨੇ ਯਾਰ ਦਾ ਪਾਲਾ, ਉਹ ਚਾਕ ਸਿਆਲਾਂ ਵਾਲਾ।

ਬਹਿਰ ਇਸ਼ਕ ਜਿਧਰ ਨੂੰ ਚੜ੍ਹਦਾ, ਪਿੰਡ ਵੱਸੋਂ ਚੌੜ ਢਾਹ ਕਰਦਾ।
ਮੌਲਾ ਸ਼ਾਹ ਬੀ ਨੁਕਤਾ ਪੈਂਦਾ, ਸੂਰਤ ਵਿਚ ਰਲਾ ਨਾ ਰਹਿੰਦਾ।
ਵੇਲੇ ਵਕਤ ਦਾ ਮੰਗਲ ਗਾ ਲਾ, ਉਹ ਚਾਕ ਸਿਆਲਾਂ ਵਾਲਾ।

(ਤੁਅੱਜਬ=ਹੈਰਾਨ, ਆਬ=ਪਾਣੀ, ਬਹਿਰ=ਸਮੁੰਦਰ)

10. ਸਾਨੂੰ ਭੌਰਿਆਂ ਵਾਲਿਆ ਦਰਸ ਦਿਖਾਵੀਂ

ਸਾਨੂੰ ਭੌਰਿਆਂ ਵਾਲਿਆ ਦਰਸ ਦਿਖਾਵੀਂ।
ਦਰਸ ਦਿਖਾਵੀਂ ਸਾਨੂੰ ਕਾਲੇ ਕੰਬਲ ਵਾਲਿਆ, ਦਰਸ ਦਿਖਾਵੀਂ।

ਪਹਿਲਾਂ ਦਰਸ ਦਿਖਾ ਕੇ ਪਿਆਰੇ, ਤੀਰ ਵਿਛੋੜੇ ਦੇ ਕਿਉਂ ਮਾਰੇ।
ਸਾਨੂੰ ਹੋਇਓਂ ਛੋੜ ਕਿਨਾਰੇ, ਮੈਂ ਜੰਗਲ ਬੇਲਾ ਭਾਲਿਆ, ਦਰਸ ਦਿਖਾਵੀਂ।

ਬੋਲ ਅਲਸਤ ਬੋਲੀ ਮਿੱਠੀ, ਦਰਦ ਗ਼ਮਾਂ ਦੀ ਦੇ ਹੱਥ ਚਿੱਠੀ।
ਇਹ ਅਦਾ ਮੈਂ ਤੇਰੀ ਡਿੱਠੀ, ਮੁਖੜਾ ਤੂੰ ਛੁਪਾ ਲਿਆ, ਦਰਸ ਦਿਖਾਵੀਂ।

ਤੂੰ ਹਾਕਮ ਮੈਂ ਰਈਅਤ ਤੇਰੀ, ਨਾਮ ਅੱਲਾ ਦੇ ਪਾਵੀਂ ਫੇਰੀ।
ਲਾ ਸੀਨੇ ਜਿੰਦ ਤਰਸੇ ਮੇਰੀ, ਰਾਹਤ ਦੇ ਰਖਵਾਲਿਆ, ਦਰਸ ਦਿਖਾਵੀਂ।

ਅਲ ਇਨਸਾਨ ਹੈ ਰਮਜ਼ ਨਿਰਾਲੀ, ਜ਼ਾਤ ਸਫ਼ਾਤੋਂ ਰੁਤਬਾ ਆਲੀ।
ਤਾਜ ਲੌਲਾਕੀ ਕੰਬਲੀ ਕਾਲੀ, ਸ਼ਹਿਰ ਮਦੀਨੇ ਵਾਲਿਆ, ਦਰਸ ਦਿਖਾਵੀਂ।

ਜਿਸ ਦੀ ਤਾਲਬ ਕੁਲ ਲੌਕਾਈ, ਤੇਰਾ ਤਾਲਬ ਖ਼ਾਸ ਇਲਾਹੀ।
ਜ਼ਾਤ ਮੁਕੱਦਸ ਭੇਜ ਸਿਪਾਹੀ, ਤੈਨੂੰ ਪਾਸ ਬੁਲਾ ਲਿਆ, ਦਰਸ ਦਿਖਾਵੀਂ।

ਲਨਤਰਾਨੀ ਕਹਿ ਕੇ ਦੱਸਿਆ, ਭੇਦ ਛੁਪਾਇਆ ਮੂਲ ਨਾ ਦੱਸਿਆ।
ਔਗੁਣ ਦੇਖ ਅਸਾਡੇ ਨਸਿਆ, ਸਦਾ ਦੇ ਮਤਵਾਲਿਆ, ਦਰਸ ਦਿਖਾਵੀਂ।

ਅਹਦ ਮੁਹੰਮਦ ਇਕ ਕਰ ਜਾਤਾ, ਜ਼ਾਹਰ ਬਾਤਨ ਖ਼ੂਬ ਪਛਾਤਾ।
ਮੌਲਾ ਸ਼ਾਹ ਨਾਲ ਕਰ ਕੇ ਨਾਤਾ, ਅਬਦਾ ਘੁੰਗਟ ਪਾ ਲਿਆ, ਦਰਸ ਦਿਖਾਵੀਂ।

(ਜ਼ਾਤ ਸਫ਼ਾਤੋਂ=ਨਿੱਜੀ ਖ਼ੂਬੀਆਂ,ਗੁਣ-ਔਗੁਣ, ਰੁਤਬਾ ਆਲੀ=ਉੱਚੀ ਪਦਵੀ,
ਲੌਲਾਕੀ=ਹਜ਼ਰਤ ਮੁਹੰਮਦ, ਮੁਹੰਮਦ ਸਾਹਿਬ ਦੇ ਪੈਰੋਕਾਰ, ਤਾਲਬ=ਚਾਹਵਾਨ,
ਮੁਕੱਦਸ=ਪੂਜਨੀਕ,ਮਾਣ-ਯੋਗ)

11. ਮੋੜ ਲੈ ਮੁਹਾਰਾਂ ਸਾਡੇ ਵਲ ਵੇ

ਅਸਵਾਰਾ ਨੀਲੀ ਵਾਲਿਆ,
ਮੋੜ ਲੈ ਮੁਹਾਰਾਂ ਸਾਡੇ ਵਲ ਵੇ।

ਨਾ ਮੈਂ ਕਮੀਨੀ ਨਾ ਤੂੰ ਜੱਟ ਵੇ,
ਦੱਸ ਕਿਉਂ ਵਲ ਪਾ ਲਿਆ ਵੱਟ ਵੇ,
ਜਿਸ ਤੋਂ ਰੁਸ ਪਿਉਂ ਉਹ ਕਿਹੜੀ ਗੱਲ ਵੇ,
ਮੋੜ ਲੈ ਮੁਹਾਰਾਂ ਸਾਡੇ ਵਲ ਵੇ।

ਪਾ ਕੇ ਯਾਰੀ ਕਰ ਗਿਓਂ ਠੱਗੀਆਂ,
ਭੁੱਲ ਗਈਆਂ ਨੇ ਮਸੀਤੀਂ ਲੱਗੀਆਂ,
ਹੁਣ ਬੈਠੋਂ ਰਾਹ ਵੀ ਮੱਲ ਵੇ,
ਮੋੜ ਲੈ ਮੁਹਾਰਾਂ ਸਾਡੇ ਵਲ ਵੇ।

ਬਰਾਹਮਨ ਕਾਸਿਦ ਹਾਂ ਘਲਦੀ,
ਖ਼ਬਰ ਕੀ ਕਿਸਨੂੰ ਪਰਸੋਂ ਕਲ ਦੀ,
ਕੋਈ ਖ਼ਤ ਜਾਂ ਸੰਦੇਸਾ ਘੱਲ ਵੇ,
ਮੋੜ ਲੈ ਮੁਹਾਰਾਂ ਸਾਡੇ ਵਲ ਵੇ।

ਮੌਲਾ ਸ਼ਾਹ ਦੇ ਭਰ ਦੇ ਹਾਲੇ,
ਦੁਨੀਆਂ ਉਕਬਾ ਵਕਤ ਸੁਖਾਲੇ,
ਪਾ ਯਾਰੀ ਨਾ ਕਰ ਵਲ ਛਲ ਵੇ,
ਮੋੜ ਲੈ ਮੁਹਾਰਾਂ ਸਾਡੇ ਵਲ ਵੇ।

ਅਸਵਾਰਾ ਨੀਲੀ ਵਾਲਿਆ,
ਮੋੜ ਲੈ ਮੁਹਾਰਾਂ ਸਾਡੇ ਵਲ ਵੇ।
12. ਤਖ਼ਤ ਹਜ਼ਾਰੇ ਨਾ ਜਾ ਰੁੱਸ ਕੇ

ਵੱਸ ਝੰਗ ਸਿਆਲੀਂ ਯਾਰ,
ਤਖ਼ਤ ਹਜ਼ਾਰੇ ਨਾ ਜਾ ਰੁੱਸ ਕੇ।

ਮੰਗੂ ਬਾਬਲ ਦਾ ਚਾਰ ਲਿਆਵੀਂ,
ਦੁਨੀਆਂ ਭਾਣੇ ਚਾਕ ਸਦਾਵੀਂ,
ਮੇਰਾ ਵੇ ਤੂੰ ਸਰਦਾਰ,
ਤਖ਼ਤ ਹਜ਼ਾਰੇ ਨਾ ਜਾ ਰੁੱਸ ਕੇ।

ਹੀਰ ਜੱਟੀ ਨਾਲ ਯਾਰੀ ਲਾ ਕੇ,
ਈਸਾ ਵਾਂਗਰ ਮੁਰਦੇ ਜਗਾ ਕੇ,
ਨਾ ਚਾੜ੍ਹ ਫਾਂਸੀ ਦਾਰ,
ਤਖ਼ਤ ਹਜ਼ਾਰੇ ਨਾ ਜਾ ਰੁੱਸ ਕੇ।

ਆਨਾ ਆਨਾ ਅੰਤਾ ਅੰਤਾ,
ਨੇਹੁੰ ਪਿਆਰ ਕਰਾਏ ਮਨਤਾ,
ਮੈਂ ਜੱਟੀ ਤੂੰ ਜੱਟ ਗਵਾਰ,
ਤਖ਼ਤ ਹਜ਼ਾਰੇ ਨਾ ਜਾ ਰੁੱਸ ਕੇ।

ਨੇਹੁੰ ਤੇਰਾ ਤੁਰਕ ਫ਼ਰੰਗੀ,
ਮੌਲਾ ਸ਼ਾਹ ਬ੍ਰਾਹਮਣ ਭੰਗੀ,
ਯਾਰੀ ਤੋੜ ਨਾ ਹੋ ਗੁਨਾਹਗਾਰ,
ਤਖ਼ਤ ਹਜ਼ਾਰੇ ਨਾ ਜਾ ਰੁੱਸ ਕੇ।

ਵੱਸ ਝੰਗ ਸਿਆਲੀਂ ਯਾਰ,
ਤਖ਼ਤ ਹਜ਼ਾਰੇ ਨਾ ਜਾ ਰੁੱਸ ਕੇ।